ਪਟਿਆਲਾ: ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿੱਚ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ
–ਉਨ੍ਹਾਂ ਕਿਹਾ ਕਿ ਹੋਰ ਕਿਸਾਨ ਵੀ ਅੱਗ ਨਾ ਲਗਾਉਣ ਲਈ ਅੱਗੇ ਆਉਣ, ਪ੍ਰਸ਼ਾਸਨ ਵੱਲੋਂ ਪਰਾਲੀ ਨੂੰ ਸੰਭਾਲਣ ਲਈ ਮਸ਼ੀਨਰੀ ਮੁਹੱਈਆ ਕਰਵਾਈ ਜਾਵੇਗੀ
–ਸਾਰੇ ਐਸਡੀਐਮਜ਼, ਡੀਐਸਪੀਜ਼ ਅਤੇ ਟੀਮਾਂ ਖੇਤਾਂ ਵਿੱਚ ਕਿਸਾਨਾਂ ਨਾਲ ਸੰਪਰਕ ਕਰ ਰਹੀਆਂ ਹਨ।
–ਪਟਿਆਲਾ ਜ਼ਿਲ੍ਹੇ ਦੇ ਕਿਸਾਨ ਪਰਾਲੀ ਸੰਭਾਲਣ ਲਈ ਮਸ਼ੀਨਰੀ ਲੈਣ ਲਈ ਕੰਟਰੋਲ ਰੂਮ 0175-2350550 ‘ਤੇ ਸੰਪਰਕ ਕਰਨ।
ਪਟਿਆਲਾ, 21 ਅਕਤੂਬਰ:
ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਨੇ ਪਟਿਆਲਾ ਜ਼ਿਲ੍ਹੇ ਵਿੱਚ ਪਰਾਲੀ ਨੂੰ ਨਾ ਸਾੜਨ ਲਈ ਅੱਗੇ ਆਏ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਹੈ। ਅੱਜ ਉਨ੍ਹਾਂ ਪਿੰਡ ਮੰਡੌਰ ਵਿਖੇ ਕਿਸਾਨ ਇੰਦਰਜੀਤ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ, ਜੋ ਪਰਾਲੀ ਨੂੰ ਅੱਗ ਨਾ ਲਾ ਕੇ ਸਟੋਰ ਕਰਨ ਲਈ ਗੰਢਾਂ ਬਣਾ ਰਿਹਾ ਸੀ।
ਇਸ ਮੌਕੇ ਡਾ: ਪ੍ਰੀਤੀ ਯਾਦਵ ਨੇ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਅਤੇ ਪਰਾਲੀ ਨੂੰ ਨਾ ਸਾੜਨ ਲਈ ਹੋਰ ਕਿਸਾਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਅਤੇ ਅਜਿਹੇ ਕਿਸਾਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋੜੀਂਦੀ ਮਸ਼ੀਨਰੀ ਮੁਹੱਈਆ ਕਰਵਾਈ ਜਾਵੇਗੀ, ਜਿਸ ਲਈ ਕਿਸਾਨ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਸੈਂਟਰ ਨਾਲ ਫ਼ੋਨ ਨੰਬਰ 0175-2350550 ‘ਤੇ ਸੰਪਰਕ ਕਰਕੇ ਲੋੜੀਂਦੀ ਮਸ਼ੀਨਰੀ ਹੈਪੀ ਸੀਡਰ, ਸੁਪਰ ਸੀਡਰ ਅਤੇ ਸਰਫੇਸ ਸੀਡਰ ਆਦਿ ਪ੍ਰਾਪਤ ਕਰਨ |
ਡਾ: ਪ੍ਰੀਤੀ ਯਾਦਵ ਨੇ ਪਰਾਲੀ ਨੂੰ ਜ਼ਮੀਨ ਵਿੱਚ ਰਲਾ ਕੇ ਬੇਲਰ ਨਾਲ ਗੰਢਾਂ ਬਣਾਉਣ ਵਾਲੇ ਕਿਸਾਨਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਬੇਲਰ ਮਾਲਕ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਬੇਲਰ ਅਤੇ ਟਰੈਕਟਰ ਖਰੀਦਿਆ ਹੈ, ਜਿਸ ਨਾਲ ਇੱਕ ਦਿਨ ਵਿੱਚ 150 ਏਕੜ ਜ਼ਮੀਨ ਵਿੱਚ ਤੂੜੀ ਦੀਆਂ ਗੰਢਾਂ ਬਣ ਜਾਂਦੀਆਂ ਹਨ। ਜਦਕਿ ਪਿੰਡ ਮੰਡੌਰ ਦੇ ਸਰਪੰਚ ਹਰਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਕੋਈ ਵੀ ਕਿਸਾਨ ਪਰਾਲੀ ਨਹੀਂ ਸਾੜ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਤੋਂ ਰੋਕਣ ਲਈ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਤੇ ਏਅਰ ਕੁਆਲਿਟੀ ਮੋਨੀਟਰਿੰਗ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਸਮੂਹ ਏ.ਡੀ.ਸੀਜ਼, ਐਸ.ਡੀ.ਐਮਜ਼, ਡੀ.ਐਸ.ਪੀਜ਼ ਅਤੇ ਹੋਰ ਟੀਮਾਂ ਸਮੇਤ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਕਿਸਾਨਾਂ ਨਾਲ ਰਾਬਤਾ ਕਾਇਮ ਕਰ ਰਿਹਾ ਹੈ। ਜਦਕਿ ਪਿੰਡ ਅਤੇ ਕਲੱਸਟਰ ਪੱਧਰ ‘ਤੇ ਕਲੱਸਟਰ ਅਤੇ ਨੋਡਲ ਅਫ਼ਸਰ ਤਾਇਨਾਤ ਕੀਤੇ ਗਏ ਹਨ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਏ.ਡੀ.ਸੀ ਨਵਰੀਤ ਕੌਰ ਸੇਖੋਂ, ਸਿਮਰਪ੍ਰੀਤ ਕੌਰ, ਐਸ.ਪੀ. ਪਲਵਿੰਦਰ ਸਿੰਘ ਚੀਮਾ, ਐਚ.ਐਸ.ਮਾਨ, ਜਸਵੀਰ ਸਿੰਘ, ਸਮੂਹ ਐਸ.ਡੀ.ਐਮ ਅਤੇ ਡੀ.ਐਸ.ਪੀ ਸਮੇਤ ਮੁੱਖ ਖੇਤੀਬਾੜੀ ਅਫ਼ਸਰ ਜਸਵਿੰਦਰ ਸਿੰਘ, ਏ.ਈ.ਓ. ਰਵਿੰਦਰ ਸਿੰਘ, ਏ.ਡੀ.ਓ ਰਸਪਿੰਦਰ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
