Patiala News: ਸਿਹਤ ਵਿਭਾਗ ਨੇ ਬਲੱਡ ਬੈਂਕ ਦੇ ਇੰਚਾਰਜਾਂ ਨਾਲ ਕੀਤੀ ਸਮੀਖਿਆ ਮੀਟਿੰਗ
ਸਿਵਲ ਸਰਜਨ ਡਾ: ਸ਼ੈਲੀ ਜੇਤਲੀ ਅਤੇ ਮੈਡੀਕਲ ਸੁਪਰਡੈਂਟ ਡਾ: ਵਿਕਾਸ ਗੋਇਲ ਦੀ ਅਗਵਾਈ ਹੇਠ ਸਿਵਲ ਸਰਜਨ ਦਫ਼ਤਰ ਵਿਖੇ ਜ਼ਿਲ੍ਹੇ ਦੇ ਸਮੂਹ ਬਲੱਡ ਬੈਂਕਾਂ ਦੇ ਇੰਚਾਰਜਾਂ ਨਾਲ ਸਮੀਖਿਆ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਜ਼ਿਲ੍ਹੇ ਵਿੱਚ ਖੂਨ ਦੀ ਸੁਰੱਖਿਅਤ ਅਤੇ ਸਮੇਂ ਸਿਰ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਵੱਖ-ਵੱਖ ਯਤਨਾਂ ਦੀ ਸਮੀਖਿਆ ਕੀਤੀ ਗਈ।
ਸਿਵਲ ਸਰਜਨ ਡਾ. ਸ਼ੈਲੀ ਜੇਤਲੀ ਨੇ ਸਾਰੇ ਬਲੱਡ ਬੈਂਕਾਂ ਨੂੰ ਲਾਇਸੈਂਸ ਦੇ ਮਿਆਰਾਂ ਅਤੇ ਨੈਸ਼ਨਲ ਬਲੱਡ ਟ੍ਰਾਂਸਫਿਊਜ਼ਨ ਕੌਂਸਲ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ। ਉਸਨੇ ਖੂਨ ਅਤੇ ਖੂਨ ਦੇ ਹਿੱਸਿਆਂ ਦੇ ਸਹੀ ਪ੍ਰਬੰਧਨ, ਗੁਣਵੱਤਾ ਨਿਯੰਤਰਣ ਅਤੇ ਰਿਕਾਰਡ ਦੀ ਸਹੀ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ।
ਮੀਟਿੰਗ ਵਿੱਚ ਸਵੈ-ਇੱਛੁਕ ਖੂਨਦਾਨ ਨੂੰ ਹੋਰ ਉਤਸ਼ਾਹਿਤ ਕਰਨ, ਖੂਨਦਾਨ ਕੈਂਪਾਂ ਨੂੰ ਯੋਜਨਾਬੱਧ ਤਰੀਕੇ ਨਾਲ ਆਯੋਜਿਤ ਕਰਨ, ਖੂਨ ਦੀ ਕਮੀ ਨੂੰ ਰੋਕਣ ਲਈ ਤਾਲਮੇਲ ਨੂੰ ਮਜ਼ਬੂਤ ਕਰਨ ਅਤੇ ਮਰੀਜ਼ਾਂ ਨੂੰ ਉਨ੍ਹਾਂ ਦੀਆਂ ਲੋੜਾਂ ਅਨੁਸਾਰ ਸਮੇਂ ਸਿਰ ਖੂਨ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਤਰੀਕਿਆਂ ਬਾਰੇ ਵੀ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਇੰਚਾਰਜਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਨਿਰਧਾਰਤ ਚੈਕਲਿਸਟ ਅਨੁਸਾਰ ਆਪੋ-ਆਪਣੇ ਬਲੱਡ ਬੈਂਕਾਂ ਦੀ ਜਾਂਚ ਯਕੀਨੀ ਬਣਾਉਣ। ਬਰਸਾਤ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਖੂਨ ਦੀ ਵਧਦੀ ਲੋੜ ਨੂੰ ਪੂਰਾ ਕਰਨ ਲਈ ਯੋਜਨਾਵਾਂ ‘ਤੇ ਵੀ ਚਰਚਾ ਕੀਤੀ ਗਈ।
ਸਾਰੇ ਬਲੱਡ ਬੈਂਕ ਇੰਚਾਰਜਾਂ ਨੂੰ ਬੇਨਤੀ ਕੀਤੀ ਗਈ ਕਿ ਜਦੋਂ ਵੀ ਖੂਨਦਾਨ ਕੈਂਪ ਆਯੋਜਿਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਤਾਂ ਪੂਰੀ ਜਾਣਕਾਰੀ ਨਿਰਧਾਰਤ ਫਾਰਮਾਂ ਵਿੱਚ ਸਿਵਲ ਸਰਜਨ ਦੇ ਦਫਤਰ ਨਾਲ ਸਾਂਝੀ ਕੀਤੀ ਜਾਵੇ।
ਜ਼ਿਲ੍ਹਾ ਸਹਾਇਕ ਸਿਹਤ ਅਫ਼ਸਰ-ਕਮ-ਨੋਡਲ ਅਫ਼ਸਰ ਡਾ: ਇੰਦਰਪ੍ਰੀਤ ਰੰਧਾਵਾ ਨੇ ਸਮੂਹ ਬਲੱਡ ਬੈਂਕ ਇੰਚਾਰਜਾਂ ਨੂੰ ਖੂਨ ਦੀ ਉਪਲਬਧਤਾ ਸਬੰਧੀ ਜਾਣਕਾਰੀ ਨੂੰ ਨਿਯਮਤ ਤੌਰ ‘ਤੇ ਅੱਪਡੇਟ ਕਰਨ ਅਤੇ ਕਿਸੇ ਵੀ ਐਮਰਜੈਂਸੀ ਦੌਰਾਨ ਤੁਰੰਤ ਤਾਲਮੇਲ ਅਤੇ ਕਾਰਵਾਈ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਕਿਸੇ ਵੀ ਮਰੀਜ਼ ਨੂੰ ਖੂਨ ਦੀ ਘਾਟ ਕਾਰਨ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਕੁਸ਼ਲਦੀਪ ਗਿੱਲ, ਐਸ.ਐਮ.ਓ ਕੌਲੀ ਡਾ.ਗੁਰਪ੍ਰੀਤ ਨਾਗਰਾ, ਆਈ.ਐਮ.ਏ ਜਨਰਲ ਸਕੱਤਰ ਡਾ.ਕਿਰਨਜੋਤ ਕੌਰ, ਜ਼ੋਨਲ ਲਾਇਸੈਂਸਿੰਗ ਅਥਾਰਟੀ ਡਾ.ਨਵਜੋਤ ਕੌਰ, ਜ਼ਿਲ੍ਹੇ ਦੇ ਸਮੂਹ ਬਲੱਡ ਬੈਂਕ ਇੰਚਾਰਜ ਅਤੇ ਮਾਸ ਮੀਡੀਆ ਵਿੰਗ ਦੀ ਟੀਮ ਵੀ ਹਾਜ਼ਰ ਸੀ।
