ਪਟਿਆਲਾ ਨਿਊਜ਼: ਅੰਤਰ-ਕਾਲਜ ਤਾਈਕਵਾਂਡੋ ਚੈਂਪੀਅਨਸ਼ਿਪ ਦਾ ਸ਼ਾਨਦਾਰ ਉਦਘਾਟਨ
ਅੰਤਰ-ਕਾਲਜ ਤਾਈਕਵਾਂਡੋ ਚੈਂਪੀਅਨਸ਼ਿਪ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਸਬੰਧਤ ਕਾਲਜਾਂ ਦੇ ਤਾਈਕਵਾਂਡੋ ਖਿਡਾਰੀਆਂ ਨੇ ਭਾਗ ਲਿਆ। ਮੁਕਾਬਲਿਆਂ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਜਗਦੀਪ ਸਿੰਘ ਦੀ ਪ੍ਰਧਾਨਗੀ ਅਤੇ ਡਾਇਰੈਕਟਰ ਸਪੋਰਟਸ ਗੁਰਦੀਪ ਕੌਰ ਰੰਧਾਵਾ ਦੀ ਦੇਖ-ਰੇਖ ਹੇਠ ਹੋਇਆ।
ਚੈਂਪੀਅਨਸ਼ਿਪ ਦਾ ਰਸਮੀ ਉਦਘਾਟਨ ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਅਤੇ ਜ਼ਿਲ੍ਹਾ ਪਟਿਆਲਾ ਦੀ ਤਾਈਕਵਾਂਡੋ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਕੁਮਾਰ ਸਿੰਗਲਾ ਨੇ ਪਹਿਲਾ ਮੈਚ ਸ਼ੁਰੂ ਕਰਵਾ ਕੇ ਕੀਤਾ |
ਚੈਂਪੀਅਨਸ਼ਿਪ ਦੇ ਪ੍ਰਬੰਧਕ ਮੋਹਿਤ ਕੁਮਾਰ, ਇੰਦਰ ਕੁਮਾਰ ਅਤੇ ਡਾ: ਨਿਸ਼ਾਨ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਕਾਲਜਾਂ ਦੇ ਲੜਕੇ ਅਤੇ ਲੜਕੀਆਂ ਸਮੇਤ 150 ਦੇ ਕਰੀਬ ਖਿਡਾਰੀ ਭਾਗ ਲੈ ਰਹੇ ਹਨ।
ਨੀਰਜ ਗੋਇਲ, ਪ੍ਰਿੰਸੀਪਲ, ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੇ ਅੱਜ ਦੇ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡਣ ਲਈ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਚੈਂਪੀਅਨਸ਼ਿਪ ਦੇ ਪਹਿਲੇ ਦਿਨ ਮਹਿਲਾ ਵਰਗ ਵਿੱਚ ਸੋਨ ਤਗਮਾ ਜੇਤੂ ਵੱਖ-ਵੱਖ ਕਾਲਜਾਂ ਦੀਆਂ ਕੋਮਲ, ਆਰਜੂ, ਪ੍ਰਿਅੰਕਾ, ਗੁੱਡੀ ਕੁਮਾਰੀ, ਸਿਮਰਨ, ਸਪਨਾ, ਜੈਸਮੀਨ ਅਤੇ ਮੀਨਲ ਸ਼ਾਮਲ ਸਨ। ਇਸ ਮੌਕੇ ਹਾਜ਼ਰ ਵੱਖ-ਵੱਖ ਕਾਲਜਾਂ ਦੇ ਪ੍ਰੋਫੈਸਰਾਂ ਅਤੇ ਟ੍ਰੇਨਰਾਂ ਨੇ ਉਨ੍ਹਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ। ਜੇਤੂਆਂ ਨੂੰ ਆਪਣੀ ਸਖ਼ਤ ਮਿਹਨਤ ਜਾਰੀ ਰੱਖਣ ਅਤੇ ਆਉਣ ਵਾਲੀ ਆਲ ਇੰਡੀਆ ਇੰਟਰ-ਯੂਨੀਵਰਸਿਟੀ ਤਾਈਕਵਾਂਡੋ ਚੈਂਪੀਅਨਸ਼ਿਪ ਲਈ ਤਿਆਰੀ ਕਰਨ ਲਈ ਵੀ ਉਤਸ਼ਾਹਿਤ ਕੀਤਾ ਗਿਆ।
