ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬਰਸਾਤੀ ਪਾਣੀ ਦੀ ਸਾਂਭ ਸੰਭਾਲ ਲਈ ਭਾਰਤ ਸਰਕਾਰ ਦੀ ਪਹਿਲਕਦਮੀ ਚੰਗੀ ਹੈ ਪਰ ਇਸ ਦੇ ਨਾਂ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਪਿੰਡਾਂ ਵਿੱਚ ਬਰਸਾਤੀ ਪਾਣੀ ਇਕੱਠਾ ਕਰਨ ਲਈ ਬਣਾਏ ਗਏ ਛੱਪੜਾਂ ਨੂੰ ਅੰਮ੍ਰਿਤ ਸਰੋਵਰ ਦਾ ਨਾਂ ਦੇਣਾ ਮਨਜ਼ੂਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਤਿਹਾਸ ਅਨੁਸਾਰ ਗੁਰੂ ਸਾਹਿਬਾਨ ਨੇ ਸ੍ਰੀ ਅੰਮ੍ਰਿਤਸਰ ਵਿਖੇ ਪੰਜ ਸਰੋਵਰ ਤਿਆਰ ਕੀਤੇ ਸਨ, ਜਿਨ੍ਹਾਂ ਵਿੱਚੋਂ ਅੰਮ੍ਰਿਤਸਰ (ਭਾਵ ਅੰਮ੍ਰਿਤ ਸਰੋਵਰ) ਇੱਕ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਿਤ ਅੰਮ੍ਰਿਤਸਰ (ਅੰਮ੍ਰਿਤ ਸਰੋਵਰ) ਵਿਖੇ ਰੋਜ਼ਾਨਾ ਲੱਖਾਂ ਸੰਗਤਾਂ ਇਸ਼ਨਾਨ ਕਰਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੀਆਂ ਹਨ।
ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਵਿੱਚ ਅੰਮ੍ਰਿਤ ਸਰੋਵਰ ਦੀ ਬਹੁਤ ਮਹੱਤਤਾ ਹੋਣ ਕਾਰਨ ਸਰਕਾਰ ਵੱਲੋਂ ਤਿਆਰ ਕੀਤੇ ਗਏ ਛੱਪੜਾਂ ਨੂੰ ਪਿੰਡਾਂ ਵਿੱਚ ਅੰਮ੍ਰਿਤ ਸਰੋਵਰ ਵਜੋਂ ਸਥਾਪਤ ਕਰਨਾ ਸਿੱਖ ਇਤਿਹਾਸ ਅਤੇ ਰਵਾਇਤਾਂ ਦਾ ਅਪਮਾਨ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਤਿਆਰ ਕੀਤੇ ਜਾਣ ਵਾਲੇ ਛੱਪੜਾਂ ਦਾ ਨਾਮ ਤੁਰੰਤ ਬਦਲਿਆ ਜਾਵੇ ਤਾਂ ਜੋ ਸਿੱਖ ਇਤਿਹਾਸ ਵਿੱਚ ਅੰਮ੍ਰਿਤ ਸਰੋਵਰ ਦੀ ਇਤਿਹਾਸਕ ਮਹੱਤਤਾ ਨੂੰ ਠੇਸ ਨਾ ਪਹੁੰਚੇ।
