ਉੱਤਰ ਪ੍ਰਦੇਸ਼ ਦੇ ਸ਼ਾਮਲੀ ਵਿਚ ਤਾਇਨਾਤ ਡਿਪਟੀ ਐਸ.ਪੀ. ਸ਼੍ਰੇਸ਼ਠਾ ਠਾਕੁਰ ਮੈਟਰੀਮੋਨੀਅਲ ਸਾਈਟ ਰਾਹੀਂ ਵਿਆਹ ਕਰਵਾ ਕੇ ਧੋਖਾਧੜੀ ਦਾ ਸ਼ਿਕਾਰ ਹੋ ਗਈ ਹੈ। 2008 ਬੈਚ ਦੀ ਪੀ.ਪੀ.ਐਸ. ਅਧਿਕਾਰੀ ਸ਼੍ਰੇਸ਼ਠਾ ਠਾਕੁਰ ਨੇ ਗਾਜ਼ੀਆਬਾਦ ਦੇ ਕੌਸ਼ਾਂਬੀ ਥਾਣੇ ਵਿਚ ਅਪਣੇ ਸਾਬਕਾ ਪਤੀ ਰੋਹਿਤ ਰਾਜ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ।ਸ਼੍ਰੇਸ਼ਠ ਨੇ ਅਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਰੋਹਿਤ ਰਾਜ ਨੇ ਅਪਣੇ ਆਪ ਨੂੰ ਆਈ.ਆਰ.ਐਸ. ਅਧਿਕਾਰੀ ਦਸਿਆ ਸੀ।
ਉਸ ਨੇ ਰਾਂਚੀ ਵਿਚ ਡਿਪਟੀ ਕਮਿਸ਼ਨਰ ਵਜੋਂ ਅਪਣੀ ਤਾਇਨਾਤੀ ਦਾ ਦਾਅਵਾ ਵੀ ਕੀਤਾ ਸੀ। 2018 ਵਿਚ ਉਸ ਦਾ ਰੋਹਿਤ ਰਾਜ ਨਾਲ ਵਿਆਹ ਹੋਇਆ ਅਤੇ ਵਿਆਹ ਤੋਂ ਬਾਅਦ ਜਦੋਂ ਉਸ ਨੂੰ ਪਤੀ ਬਾਰੇ ਸੱਚਾਈ ਦਾ ਪਤਾ ਲੱਗਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਦੋ ਸਾਲ ਬਾਅਦ ਉਸ ਨੇ ਰੋਹਿਤ ਰਾਜ ਤੋਂ ਤਲਾਕ ਲੈ ਲਿਆ ਪਰ ਰੋਹਿਤ ਨੇ ਸ੍ਰੇਸ਼ਠਾ ਠਾਕੁਰ ਦੇ ਨਾਂਅ ‘ਤੇ ਲੋਕਾਂ ਨਾਲ ਠੱਗੀ ਕਰਨ ਲੱਗਿਆ। ਫਿਲਹਾਲ ਉਹ ਗਾਜ਼ੀਆਬਾਦ ‘ਚ ਰਹਿ ਰਿਹਾ ਹੈ।
ਇਸ ਧੋਖਾਧੜੀ ਸਬੰਧੀ ਸ਼੍ਰੇਸ਼ਠਾ ਠਾਕੁਰ ਕੋਲ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋ ਗਈਆਂ। ਇਸ ਮਗਰੋਂ ਸ਼੍ਰੇਸ਼ਠਾ ਨੇ ਅਪਣੇ ਸਾਬਕਾ ਪਤੀ ਵਿਰੁਧ ਕੇਸ ਦਰਜ ਕਰਵਾਇਆ ਹੈ। ਦਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਸ੍ਰੇਸ਼ਠਾ ਠਾਕੁਰ ਨਾਲ ਵੀ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਵਿਆਹ ਤੋਂ ਪਹਿਲਾਂ ਸ਼੍ਰੇਸ਼ਠਾ ਦੇ ਪਰਵਾਰ ਵਾਲਿਆਂ ਨੇ ਰੋਹਿਤ ਰਾਜ ਬਾਰੇ ਜਾਣਕਾਰੀ ਹਾਸਲ ਕੀਤੀ ਸੀ। ਉਸ ਸਮੇਂ ਇਸੇ ਨਾਂਅ ਦਾ ਇਕ ਆਈ.ਆਰ.ਐਸ. ਅਧਿਕਾਰੀ ਰਾਂਚੀ ਵਿਚ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਸੀ।
ਸ਼੍ਰੇਸ਼ਠਾ ਠਾਕੁਰ ਨੇ ਅਪਣੇ ਸਾਬਕਾ ਪਤੀ ਰੋਹਿਤ ਰਾਜ ਸਿੰਘ, ਸਹੁਰਾ ਵਕੀਲ ਸ਼ਰਨ ਸਿੰਘ ਅਤੇ ਰੋਹਿਤ ਦੇ ਭਰਾ ਸੰਜੀਤ ਸਿੰਘ ਵਿਰੁਧ ਮਾਮਲਾ ਦਰਜ ਕਰਵਾਇਆ ਹੈ। ਐਫਆਈਆਰ ਵਿਚ ਦਸਿਆ ਗਿਆ ਹੈ ਕਿ ਵਿਆਹ ਤੋਂ ਤੁਰੰਤ ਬਾਅਦ ਸ਼੍ਰੇਸ਼ਠਾ ਨੂੰ ਧੋਖੇ ਦਾ ਪਤਾ ਲੱਗਿਆ ਪਰ ਰਿਸ਼ਤਾ ਬਚਾਉਣ ਲਈ ਉਹ ਚੁੱਪ ਰਹੀ। ਲਖਨਊ ‘ਚ ਪਲਾਟ ਖਰੀਦਣ ਲਈ ਰੋਹਤ ਨੇ ਧੋਖੇ ਨਾਲ ਉਸ ਦੇ ਬੈਂਕ ਖਾਤੇ ‘ਚੋਂ 15 ਲੱਖ ਰੁਪਏ ਕਢਵਾ ਲਏ, ਇਸ ਤੋਂ ਬਾਅਦ ਉਸ ਨੇ ਤਲਾਕ ਲੈ ਲਿਆ। ਇਸ ਤੋਂ ਬਾਅਦ ਵੀ ਰੋਹਤ ਨੇ ਸ਼੍ਰੇਸ਼ਠਾ ਦੇ ਨਾਂ ‘ਤੇ ਲੋਕਾਂ ਨਾਲ ਠੱਗੀ ਮਾਰੀ। ਰੋਹਿਤ ਮੂਲ ਰੂਪ ਤੋਂ ਬਿਹਾਰ ਦੇ ਨਵਾਦਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
