ਪਟਿਆਲਾ: ਕਬੱਡੀ ਮੁਕਾਬਲੇ ਵਿੱਚ ਕਲੱਸਟਰ ਮੇਨ ਦੀ ਟੀਮ ਜੇਤੂ ਰਹੀ
– ਐਡਵੋਕੇਟ ਕੀਰਤ ਮਿੱਤਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ
– ਡਿਪਟੀ ਡੀਈਓ ਨੇ ਜੇਤੂਆਂ ਦਾ ਸਨਮਾਨ ਕੀਤਾ
15 ਅਕਤੂਬਰ 2025, ਪਟਿਆਲਾ।
ਜ਼ਿਲ੍ਹਾ ਸਿੱਖਿਆ ਅਫ਼ਸਰ (ਡੀ.ਈ.ਓ) ਪਟਿਆਲਾ ਸ਼ਾਲੂ ਮਹਿਰਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨਵਿੰਦਰ ਕੌਰ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਲਾਕ ਪਟਿਆਲਾ-2 ਦੇ ਬੀਪੀਈਓ ਪ੍ਰਿਥੀ ਸਿੰਘ ਦੀ ਅਗਵਾਈ ਹੇਠ ਬਲਾਕ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਸਮਾਜ ਸੇਵੀ ਐਡਵੋਕੇਟ ਕੀਰਤ ਮਿੱਤਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਦਾ ਐਲਾਨ ਵੀ ਕੀਤਾ।
ਇਨ੍ਹਾਂ ਖੇਡਾਂ ਦੌਰਾਨ ਬਲਾਕ ਅਧੀਨ ਪੈਂਦੇ ਅੱਠ ਕਲੱਸਟਰਾਂ ਦੀਆਂ ਵੱਖ-ਵੱਖ ਟੀਮਾਂ ਨੇ ਭਾਗ ਲਿਆ। ਇਨ੍ਹਾਂ ਖੇਡਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਬੀਪੀਈਓ ਪ੍ਰਿਥੀ ਸਿੰਘ ਨੇ ਦੱਸਿਆ ਕਿ ਸਰਕਲ ਸਟਾਈਲ ਕਬੱਡੀ (ਲੜਕੇ) ਮੁਕਾਬਲੇ ਵਿੱਚ ਕਲੱਸਟਰ ਮੇਨ ਨੇ ਪਹਿਲਾ ਅਤੇ ਕਲੱਸਟਰ ਝੰਡੀ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਕਬੱਡੀ ਨੈਸ਼ਨਲ ਸਟਾਈਲ (ਲੜਕੇ) ਵਿੱਚ ਕਲੱਸਟਰ ਖੇੜੀ ਗੁੱਜਰਾਂ ਨੇ ਪਹਿਲਾ ਅਤੇ ਕਲੱਸਟਰ ਘਾਸ ਮੰਡੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ, ਜਦਕਿ ਲੜਕੀਆਂ ਦੀ ਨੈਸ਼ਨਲ ਸਟਾਈਲ ਕਬੱਡੀ ਟੀਮ ਵਿੱਚ ਕਲੱਸਟਰ ਘਾਸ ਮੰਡੀ ਨੇ ਪਹਿਲਾ ਅਤੇ ਕਲੱਸਟਰ ਖੇੜੀ ਗੁੱਜਰਾਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਅੱਗੇ ਦੱਸਿਆ ਕਿ ਖੋ-ਖੋ (ਲੜਕੇ) ਮੁਕਾਬਲੇ ਵਿੱਚ ਕਲੱਸਟਰ ਮਲਟੀਪਰਪਜ਼ ਨੇ ਪਹਿਲਾ ਅਤੇ ਕਲੱਸਟਰ ਵਿਕਟੋਰੀਆ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਦਕਿ ਖੋ-ਖੋ (ਲੜਕੀਆਂ) ਵਿੱਚ ਕਲੱਸਟਰ ਤ੍ਰਿਪੜੀ ਨੇ ਪਹਿਲਾ ਅਤੇ ਕਲਸਟਰ ਮਲਟੀਪਰਪਜ਼ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਰੱਸਾਕਸ਼ੀ ਮੁਕਾਬਲੇ ਵਿੱਚ ਕਲੱਸਟਰ ਖੇੜੀ ਗੁੱਜਰਾਂ ਨੇ ਪਹਿਲਾ ਅਤੇ ਕਲੱਸਟਰ ਮਲਟੀਪਰਪਜ਼ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਣ ਦੀ ਰਸਮ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਮਨਵਿੰਦਰ ਕੌਰ ਭੁੱਲਰ ਅਤੇ ਬੀਪੀਈਓ ਪ੍ਰਿਥੀ ਸਿੰਘ ਨੇ ਨਿਭਾਈ।
