ਤਰਨਤਾਰਨ ਹਰੀਕੇ ਨੈਸ਼ਨਲ ਹਾਈਵੇਅ 54 ‘ਤੇ ਅਣਅਧਿਕਾਰਤ ਤੌਰ ‘ਤੇ ਕੱਟੇ ਡਿਵਾਈਡਰ ਤੋਂ ਲੰਘ ਰਹੇ ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਦੋ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਕਾਰਨ ਕਾਰ ਸਵਾਰ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚ ਦੋ ਔਰਤਾਂ ਵੀ ਸਨ। ਮੌਕੇ ‘ਤੇ ਪਹੁੰਚੇ ਥਾਣੇਦਾਰ ਸਤਨਾਮ ਸਿੰਘ ਥਾਣੇਦਾਰ ਕੁਲਵੰਤ ਸਿੰਘ ਨੇ ਪੁਲਸ ਪਾਰਟੀ ਦੇ ਸਹਿਯੋਗ ਨਾਲ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਮੁਰਦਾ ਘਰ ਭੇਜ ਦਿੱਤਾ।
ਦੋਵਾਂ ਕਾਰਾਂ ਦੇ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ। ਲਿਖਤੀ ਸਮੇਂ ਤੱਕ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ। ਥਾਣਾ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਕਾਰਾਂ ਦੀਆਂ ਨੰਬਰ ਪਲੇਟਾਂ ਦੀ ਜਾਂਚ ਕਰਕੇ ਵਾਰਸਾਂ ਤੱਕ ਪੁੱਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
