ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਪਿਛਲੀਆਂ ਸਰਕਾਰਾਂ ਵੱਲੋਂ ਅੱਖੋਂ-ਪਰੋਖੇ ਕੀਤੇ ਗਏ ਆਯੁਰਵੈਦ ਵਿਭਾਗ ਦੀ ਸਾਰ ਲੈਂਦਿਆਂ ਇਸ ਦੀ ਕਾਇਆ-ਕਲਪ ਕੀਤੀ ਹੈ| ਉਹ ਅੱਜ ਇੱਥੇ ਸਰਕਾਰੀ ਆਯੁਰਵੈਦਿਕ ਕਾਲਜ ਪਟਿਆਲਾ ਵਿੱਚ ਮਨਾਏ ਗਏ 11ਵੇਂ ਰਾਸ਼ਟਰੀ ਆਯੁਰਵੈਦ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ|
ਸਿਹਤ ਮੰਤਰੀ ਨੇ ਦੱਸਿਆ ਕਿ ਬਹੁਤ ਅਫ਼ਸੋਸ ਦੀ ਗੱਲ ਸੀ ਕਿ ਆਯੁਵੈਦਿਕ ਵਿਭਾਗ ਦਾ ਕੋਈ ਵਾਲੀ ਵਾਰਸ ਨਹੀਂ ਸੀ ਅਤੇ 1954 ਤੋਂ ਬਾਅਦ ਪਹਿਲੀ ਵਾਰ ਭਗਵੰਤ ਮਾਨ ਸਰਕਾਰ ਨੇ ਪਟਿਆਲਾ ਦੇ ਸਰਕਾਰੀ ਆਯੁਰਵੈਦਿਕ ਕਾਲਜ ’ਚ 23 ਰੈਗੂਲਰ ਅਧਿਆਪਕ ਅਤੇ ਪ੍ਰਿੰਸੀਪਲ ਸਮੇਤ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਅਤੇ ਮਾਹਰ ਅਮਲਾ ਨਿਯੁਕਤ ਕੀਤਾ| ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 7.7 ਕਰੋੜ ਰੁਪਏ ਦੀ ਦਵਾਈ ਖਰੀਦੀ ਗਈ ਹੈ, 7 ਸਰਕਾਰੀ ਆਯੁਰਵੈਦਿਕ ਡਿਸਪੈਂਸਰੀਆਂ ਦੀ ਮੁਰੰਮਤ ਕਰਵਾਈ ਗਈ, 10 ਕਰੋੜ ਰੁਪਏ ਦਾ ਹੋਰ ਟੈਂਡਰ ਲਗਾਇਆ ਗਿਆ ਹੈ| ਡਾ. ਬਲਬੀਰ ਸਿੰਘ ਨੇ ਆਯੁਰਵੈਦਿਕ ਚੈਟਬੋਟ ਦੀ ਸ਼ੁਰੂਆਤ ਕਰਦਿਆਂ ਆਯੁਰਵੈਦਿਕ ਡਾਕਟਰਾਂ ਨੂੰ ਸੱਦਾ ਦਿੱਤਾ ਕਿ ਉਹ ਪਹਿਲੇ ਪੜਾਅ ਹੇਠ 20 ਦੇ ਕਰੀਬ ਪਿੰਡ ਅਪਣਾ ਕੇ ਆਯੁਰਵੈਦਿਕ ਇਲਾਜ ਪ੍ਰਣਾਲੀ ਬਾਰੇ ਅਧਿਐਨ ਕਰਨ| ਉਨ੍ਹਾਂ ਕਿਹਾ ਕਿ ਵਿਗੜੇ ਅਚਾਰ-ਵਿਹਾਰ ਕਰਕੇ ਮਨੁੱਖ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ ਪਰ ਆਯੁਰਵੈਦ ਵਿੱਚ ਮਨੁੱਖ ਦੀ ਖੁਰਾਕ ਨੂੰ ਦਵਾਈ ਦੀ ਤਰ੍ਹਾਂ ਵਰਤ ਕੇ ਗੰਭੀਰ ਬਿਮਾਰੀਆਂ ਦਾ ਇਲਾਜ ਜੜ੍ਹ ਤੋਂ ਕਰਨ ਦੀ ਸਮਰੱਥਾ ਹੈ|
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਾਡੀ ਪ੍ਰਾਚੀਨ ਤੇ ਵਿਗਿਆਨਕ ਚਿਕਿਤਸਾ ਪਰੰਪਰਾ ਨੂੰ ਪ੍ਰਫੁੱਲਤ ਕਰਨ ਲਈ ਵਚਨਬੱਧ ਹੈ, ਜਿਸ ਲਈ ਪਿੰਡ-ਪਿੰਡ ਨਵ ਗ੍ਰਹਿ ਵਾਟਿਕਾ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ| ਇਸ ਮੌਕੇ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸੰਜੀਵ ਸੂਦ, ਰਜਿਸਟਰਾਰ ਡਾ. ਸੰਜੀਵ ਗੋਇਲ, ਡਾਇਰੈਕਟਰ ਆਯੁਰਵੈਦਾ ਡਾ. ਰਮਨ ਖੰਨਾ, ਸੀਐਮ ਯੋਗਸ਼ਾਲਾ ਦੇ ਕੁਆਰਡੀਨੇਟਰ ਅਮਰੇਸ਼ ਕੁਮਾਰ ਤੇ ਕਮਲੇਸ਼ ਮਿਸ਼ਰਾ, ਸਰਕਾਰੀ ਆਯੁਰਵੈਦਿਕ ਕਾਲਜ ਦੇ ਪਿ੍ੰਸੀਪਲ ਡਾ. ਚੰਦਰ ਸ਼ੇਖਰ ਸ਼ਰਮਾ, ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਡਾ. ਮੋਹਨ ਲਾਲ, ਕੰਟਰੋਲਰ ਇਮਤਿਹਾਨ ਡਾ. ਅੰਜੂ ਬਾਲਾ, ਆਯੁਰਵੈਦਾ ਸਲਾਹਕਾਰ ਡਾ. ਰਾਜੀਵ ਮਹਿਤਾ ਅਤੇ ਵੱਡੀ ਗਿਣਤੀ ਆਯੁਰਵੈਦਿਕ ਮੈਡੀਕਲ ਅਫ਼ਸਰ ਅਤੇ ਵਿਦਿਆਰਥੀ ਮੌਜੂਦ ਸਨ|
