ਪਟਿਆਲਾ : ਫਿਜ਼ਿਕਸ ਲੈਕਚਰਾਰਾਂ ਦੀ ਤਿੰਨ ਰੋਜ਼ਾ ਸਿਖਲਾਈ ਵਰਕਸ਼ਾਪ ਜਾਰੀ ਹੈ
ਪਟਿਆਲਾ, 14 ਨਵੰਬਰ:
ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ ਪੰਜਾਬ ਦੇ ਡਾਇਰੈਕਟਰ ਕਿਰਨ ਸ਼ਰਮਾ ਪੀ.ਸੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪਟਿਆਲਾ ਸੰਜੀਵ ਸ਼ਰਮਾ ਦੀ ਯੋਗ ਅਗਵਾਈ ਹੇਠ ਭੌਤਿਕ ਵਿਗਿਆਨ ਲੈਕਚਰਾਰਾਂ ਲਈ 12 ਨਵੰਬਰ ਤੋਂ 14 ਨਵੰਬਰ 2025 ਤੱਕ ਤਿੰਨ ਰੋਜ਼ਾ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਇਸ ਸਿਖਲਾਈ ਵਰਕਸ਼ਾਪ ਵਿੱਚ ਰਾਜ ਪੱਧਰੀ ਸਿਖਲਾਈ ਪ੍ਰਾਪਤ ਸਰੋਤ ਵਿਅਕਤੀ ਅਤੇ ਪ੍ਰਮੁੱਖ ਸਲਾਹਕਾਰ ਜ਼ਿਲ੍ਹੇ ਦੇ ਭੌਤਿਕ ਵਿਗਿਆਨ ਲੈਕਚਰਾਰਾਂ ਨੂੰ ਗਤੀਵਿਧੀਆਂ ਰਾਹੀਂ ਵਿਸ਼ਿਆਂ ਦੀ ਡੂੰਘੀ ਸਮਝ ਪ੍ਰਦਾਨ ਕਰ ਰਹੇ ਹਨ ਅਤੇ ਨਾਲ ਹੀ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤਾਂ ਲਈ ਵਿਸਥਾਰਪੂਰਵਕ ਪ੍ਰੈਕਟੀਕਲ ਸਿਖਲਾਈ ਦੇ ਰਹੇ ਹਨ। ਸਿਖਲਾਈ ਦੇ ਪਹਿਲੇ ਦਿਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਸਟੇਟ ਐਵਾਰਡੀ ਡਾ: ਰਵਿੰਦਰਪਾਲ ਸਿੰਘ ਸ਼ਰਮਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਲੈਕਚਰਾਰਾਂ ਨੂੰ ਪ੍ਰੈਕਟੀਕਲ ਸਿਖਲਾਈ ਦੀ ਮਹੱਤਤਾ ਬਾਰੇ ਪ੍ਰੇਰਨਾਦਾਇਕ ਵਿਚਾਰ ਸਾਂਝੇ ਕੀਤੇ |
ਜ਼ਿਲ੍ਹਾ ਪ੍ਰਬੰਧਕੀ ਪ੍ਰਿੰਸੀਪਲ ਮਨਦੀਪ ਕੌਰ ਅੰਟਾਲ ਨੇ ਤਿੰਨ ਦਿਨਾਂ ਸਿਖਲਾਈ ਦੌਰਾਨ ਵੱਖ-ਵੱਖ ਗਤੀਵਿਧੀਆਂ ਅਤੇ ਸੈਸ਼ਨਾਂ ਬਾਰੇ ਜਾਣਕਾਰੀ ਦਿੱਤੀ। ਸਟੇਟ ਰਿਸੋਰਸ ਪਰਸਨ ਡਾ. ਦਿਨੇਸ਼ ਕੁਮਾਰ ਨੇ ਟੀਚਰ ਰਿਸੋਰਸ ਮੋਡਿਊਲ ਅਤੇ ਕੰਪੀਟੈਂਸੀ ਇਨਹਾਂਸਮੈਂਟ ਪ੍ਰੋਗਰਾਮ ਨੂੰ ਉਜਾਗਰ ਕੀਤਾ।
ਰਿਸੋਰਸ ਪਰਸਨ ਦੌਲਤ ਰਾਮ ਲੈਕਚਰਾਰ ਫਿਜ਼ਿਕਸ ਨੇ ਪ੍ਰੋਜੈਕਟਾਈਲ ਮੋਸ਼ਨ ਅਤੇ ਮੋਮੈਂਟਮ ‘ਤੇ ਵਿਸਤ੍ਰਿਤ ਲੈਕਚਰ ਦਿੱਤਾ। ਅਮਰਦੀਪ ਸਿੰਘ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਹੱਤਤਾ ‘ਤੇ ਚਾਨਣਾ ਪਾਇਆ, ਜਦਕਿ ਡਾ: ਜਸਵਿੰਦਰ ਸਿੰਘ ਨੈਸ਼ਨਲ ਐਵਾਰਡੀ ਅਧਿਆਪਕ ਨੇ ਬਾਲ ਮਨੋਵਿਗਿਆਨ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ |
ਇਨ੍ਹਾਂ ਸੈਸ਼ਨਾਂ ਦੌਰਾਨ ਸਰੋਤ ਵਿਅਕਤੀਆਂ ਨੇ ਆਪਣੀਆਂ ਤਿਆਰ ਕੀਤੀਆਂ ਗਤੀਵਿਧੀਆਂ ਰਾਹੀਂ ਭੌਤਿਕ ਵਿਗਿਆਨ ਦੀਆਂ ਗੁੰਝਲਦਾਰ ਧਾਰਨਾਵਾਂ ਨੂੰ ਸਰਲ ਅਤੇ ਦਿਲਚਸਪ ਢੰਗ ਨਾਲ ਸਮਝਾਇਆ। ਇਸ ਮੌਕੇ ਜ਼ਿਲ੍ਹੇ ਦੇ ਸਾਰੇ ਫਿਜ਼ਿਕਸ ਲੈਕਚਰਾਰਾਂ ਨੇ ਉਚੇਚੇ ਤੌਰ ‘ਤੇ ਭਾਗ ਲਿਆ।
