04/11/2026
ਪਟਿਆਲਾ ਨਿਊਜ਼ : ਸਿਵਲ ਸਰਜਨ ਪਟਿਆਲਾ ਡਾ: ਸੈਲੀ ਜੇਤਲੀ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਹੌਟਸਪੌਟ ਖੇਤਰਾਂ ਅਤੇ ਝੁੱਗੀ-ਝੌਂਪੜੀ ਵਾਲੇ ਖੇਤਰਾਂ ਵਿੱਚ ਡੇਂਗੂ ਵਿਰੋਧੀ ਡਰਾਈ ਡੇਅ ਗਤੀਵਿਧੀਆਂ ਕਰਵਾਈਆਂ ਗਈਆਂ।

ਪਟਿਆਲਾ ਨਿਊਜ਼ : ਸਿਵਲ ਸਰਜਨ ਪਟਿਆਲਾ ਡਾ: ਸੈਲੀ ਜੇਤਲੀ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਹੌਟਸਪੌਟ ਖੇਤਰਾਂ ਅਤੇ ਝੁੱਗੀ-ਝੌਂਪੜੀ ਵਾਲੇ ਖੇਤਰਾਂ ਵਿੱਚ ਡੇਂਗੂ ਵਿਰੋਧੀ ਡਰਾਈ ਡੇਅ ਗਤੀਵਿਧੀਆਂ ਕਰਵਾਈਆਂ ਗਈਆਂ।

ਇਸ ਦੌਰਾਨ ਕ੍ਰਿਸ਼ਨਾ ਕਲੋਨੀ, ਰਾਘੋਮਾਜਰਾ, ਆਨੰਦ ਨਗਰ, ਆਜ਼ਾਦ ਨਗਰ, ਵਿਰਕ ਕਲੋਨੀ ਆਦਿ ਥਾਵਾਂ ਅਤੇ ਘਰਾਂ ਵਿੱਚ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਗਈ ਅਤੇ ਕਈ ਥਾਵਾਂ ’ਤੇ ਪਾਏ ਗਏ ਲਾਰਵੇ ਨੂੰ ਮੌਕੇ ’ਤੇ ਹੀ ਨਸ਼ਟ ਕੀਤਾ ਗਿਆ।

ਸਿਵਲ ਸਰਜਨ ਡਾ: ਸ਼ੈਲੀ ਜੇਤਲੀ ਨੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸਮੂਹ ਪਟਿਆਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਡੇਂਗੂ ਨੂੰ ਫੈਲਣ ਤੋਂ ਰੋਕਣ ਲਈ ਆਪਣੇ ਘਰਾਂ ਦੇ ਨਾਲ-ਨਾਲ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਣ ਅਤੇ ਘਰਾਂ ਦੇ ਅੰਦਰ ਖਾਲੀ ਪਈਆਂ ਵਸਤੂਆਂ ਵਿੱਚ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਆਸ਼ਾ ਵਰਕਰਾਂ, ਪਿੰਡਾਂ ਦੀਆਂ ਸਿਹਤ ਕਮੇਟੀਆਂ ਦੇ ਮੈਂਬਰਾਂ ਦੇ ਨਾਲ-ਨਾਲ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਨੁਮਾਇੰਦਿਆਂ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ।

ਜ਼ਿਲ੍ਹਾ ਐਪੀਡੀਮੋਲੋਜਿਸਟ ਡਾ: ਗੁਰਪ੍ਰੀਤ ਕੌਰ ਨੇ ਕਿਹਾ ਕਿ ਇਹ ਮੌਸਮ ਡੇਂਗੂ ਦੇ ਲਾਰਵੇ ਦੇ ਪ੍ਰਜਨਨ ਲਈ ਅਨੁਕੂਲ ਹੈ, ਇਸ ਲਈ ਹਰੇਕ ਵਿਅਕਤੀ ਨੂੰ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਣੀ ਚਾਹੀਦੀ ਹੈ ਅਤੇ ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ। ਉਨ੍ਹਾਂ ਇਹ ਵੀ ਕਿਹਾ ਕਿ ਜਿੱਥੇ ਵੀ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਲਾਰਵਾ ਮਿਲ ਰਿਹਾ ਹੈ, ਉਸ ਨੂੰ ਮੌਕੇ ’ਤੇ ਹੀ ਨਸ਼ਟ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਖੜ੍ਹੇ ਪਾਣੀ ’ਤੇ ਲਾਰਵੀਸਾਈਡ ਦਾ ਛਿੜਕਾਅ ਵੀ ਕੀਤਾ ਜਾ ਰਿਹਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਵਾਰ ਹੁਣ ਤੱਕ ਪੂਰੇ ਪਟਿਆਲਾ ਜ਼ਿਲ੍ਹੇ ਵਿੱਚ ਡੇਂਗੂ ਦੇ 69 ਮਰੀਜ਼ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਤੇਜ਼ ਬੁਖਾਰ ਅਤੇ ਸਰੀਰ ਵਿੱਚ ਦਰਦ ਦੀ ਸ਼ਿਕਾਇਤ ਹੋਣ ’ਤੇ ਡੇਂਗੂ ਦਾ ਟੈਸਟ ਕਰਵਾਉਣ ਦੀ ਸਲਾਹ ਦਿੱਤੀ।

ਡੇਂਗੂ ਵਿਰੋਧੀ ਮੁਹਿੰਮ ਦੇ ਤਹਿਤ ਇਸ ਹਫ਼ਤੇ ਜ਼ਿਲ੍ਹੇ ਭਰ ਦੇ 19349 ਘਰਾਂ ਦੀ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਗਈ ਅਤੇ ਟੀਮਾਂ ਨੇ 93 ਥਾਵਾਂ ‘ਤੇ ਮਿਲੇ ਲਾਰਵੇ ਨੂੰ ਮੌਕੇ ‘ਤੇ ਹੀ ਨਸ਼ਟ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਡਰਾਈ ਡੇਅ ਮੁਹਿੰਮ ਤਹਿਤ ਸਿਹਤ ਟੀਮਾਂ ਵੱਲੋਂ ਹੁਣ ਤੱਕ 1231082 ਘਰਾਂ ਦਾ ਸਰਵੇਖਣ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 8916 ਥਾਵਾਂ ‘ਤੇ ਲਾਰਵਾ ਪਾਇਆ ਗਿਆ, ਜਿਨ੍ਹਾਂ ਨੂੰ ਟੀਮਾਂ ਵੱਲੋਂ ਮੌਕੇ ‘ਤੇ ਹੀ ਨਸ਼ਟ ਕੀਤਾ ਗਿਆ ਅਤੇ ਸਬੰਧਿਤ ਪਰਿਵਾਰਾਂ ਨੂੰ ਭਵਿੱਖ ਵਿੱਚ ਇਸ ਦੀ ਰੋਕਥਾਮ ਲਈ ਜਾਗਰੂਕ ਕੀਤਾ ਗਿਆ।