ਪਟਿਆਲਾ ਨਿਊਜ਼ : ਸਰਕਾਰੀ ਸਿਹਤ ਸੰਸਥਾਵਾਂ ਵਿੱਚ ਫਾਇਰ ਸੇਫਟੀ ਹਫਤਾ ਮਨਾਇਆ ਗਿਆ
ਪਟਿਆਲਾ 11 ਮਈ () ਸਿਵਲ ਸਰਜਨ ਡਾ: ਸ਼ੈਲੀ ਜੇਤਲੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪਟਿਆਲਾ ਦੀਆਂ ਸਮੂਹ ਸਰਕਾਰੀ ਸਿਹਤ ਸੰਸਥਾਵਾਂ ਵਿਖੇ 4 ਮਈ ਤੋਂ 10 ਮਈ ਤੱਕ ਫਾਇਰ ਸੇਫਟੀ ਹਫ਼ਤਾ ਮਨਾਇਆ ਗਿਆ। ਇਸ ਹਫ਼ਤੇ ਦਾ ਮੁੱਖ ਮੰਤਵ ਸਟਾਫ਼ ਅਤੇ ਆਮ ਲੋਕਾਂ ਵਿੱਚ ਅੱਗ ਲੱਗਣ ਦੀ ਸਥਿਤੀ ਵਿੱਚ ਆਪਣੀ ਅਤੇ ਦੂਜਿਆਂ ਦੀ ਜਾਨ ਬਚਾਉਣ ਲਈ ਜਾਗਰੂਕਤਾ ਪੈਦਾ ਕਰਨਾ ਸੀ। ਇਸ ਜਾਗਰੂਕਤਾ ਹਫ਼ਤੇ ਦੌਰਾਨ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਫਾਇਰ ਡਰਿੱਲ, ਅੱਗ ਬੁਝਾਊ ਉਪਕਰਨਾਂ ਦਾ ਪ੍ਰਦਰਸ਼ਨ, ਅੱਗ ਸੁਰੱਖਿਆ ਨਿਯਮਾਂ ਬਾਰੇ ਵਰਕਸ਼ਾਪ ਅਤੇ ਜਾਗਰੂਕਤਾ ਮੁਹਿੰਮਾਂ ਕਰਵਾਈਆਂ ਗਈਆਂ।
ਗੌਰਤਲਬ ਹੈ ਕਿ ਅੱਗ ਬਾਲਣ, ਆਕਸੀਜਨ ਅਤੇ ਗਰਮੀ ਨਾਲ ਪੈਦਾ ਹੁੰਦੀ ਹੈ ਅਤੇ ਇਸ ਨੂੰ ਖਤਮ ਕਰਨ ਲਈ ਕਿਸੇ ਇੱਕ ਚੀਜ਼ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ। ਵੱਖ-ਵੱਖ ਕਿਸਮਾਂ ਦੀਆਂ ਅੱਗਾਂ ਨੂੰ ਬੁਝਾਉਣ ਦੇ ਵੱਖ-ਵੱਖ ਤਰੀਕਿਆਂ ਦੀ ਲੋੜ ਹੁੰਦੀ ਹੈ। ਅੱਗ ਲੱਗਣ ਦਾ ਮੁੱਖ ਕਾਰਨ ਵਿਅਕਤੀ ਵੱਲੋਂ ਵਰਤੀ ਜਾਂਦੀ ਲਾਪਰਵਾਹੀ ਜਿਵੇਂ ਬਿਸਤਰੇ ‘ਤੇ ਬੈਠ ਕੇ ਸਿਗਰਟ ਪੀਣਾ, ਬਿਜਲੀ ਦੀਆਂ ਤਾਰਾਂ ਜਾਂ ਕੱਪੜਿਆਂ ਦਾ ਖੁੱਲ੍ਹਾ ਹੋਣਾ, ਗੈਸ ਸਿਲੰਡਰ ਦੀਆਂ ਪਾਈਪਾਂ ਦਾ ਲੀਕ ਹੋਣਾ, ਮੋਮਬੱਤੀਆਂ ਬਲਦੀਆਂ ਰਹਿਣਾ ਆਦਿ ਹਨ, ਜਿਨ੍ਹਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਅੱਗ ਨੂੰ ਰੇਤ, ਪਾਣੀ ਜਾਂ ਅੱਗ ਬੁਝਾਉਣ ਵਾਲੇ ਸਿਲੰਡਰਾਂ ਨਾਲ ਬੁਝਾਇਆ ਜਾਣਾ ਚਾਹੀਦਾ ਹੈ ਅਤੇ ਪੈਟਰੋਲ, ਬਿਜਲੀ, ਤੇਲ, ਗਰੀਸ ਅਤੇ ਐਲਪੀਜੀ ਅੱਗ ‘ਤੇ ਪਾਣੀ ਨਾ ਡੋਲ੍ਹੋ। ਅੱਗ ਲੱਗਣ ਦੀ ਸੂਰਤ ਵਿੱਚ ਜ਼ਿਲ੍ਹਾ ਫਾਇਰ ਬ੍ਰਿਗੇਡ ਦੇ ਫ਼ੋਨ ਨੰਬਰ 101 ‘ਤੇ ਸੰਪਰਕ ਕੀਤਾ ਜਾਵੇ ਅਤੇ ਆਪਣਾ ਪੂਰਾ ਪਤਾ ਅਤੇ ਨਾਮ, ਟੈਲੀਫੋਨ ਨੰਬਰ ਵੀ ਦੱਸੋ।
