ਪਟਿਆਲਾ ਨਿਊਜ਼ : ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਪਾਣੀ ਅਤੇ ਵੈਕਟਰ ਬੋਰਨ ਬਿਮਾਰੀਆਂ ਸਬੰਧੀ ਸੈਮੀਨਾਰ ਕਰਵਾਇਆ ਗਿਆ
ਪਟਿਆਲਾ 28 ਅਪ੍ਰੈਲ () ਸਿਵਲ ਸਰਜਨ ਪਟਿਆਲਾ ਡਾ: ਸ਼ੈਲੀ ਜੇਤਲੀ ਦੀ ਅਗਵਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਸਰਕਾਰੀ ਮਿਡਲ ਸਕੂਲ ਅਲੀਪੁਰ ਅਰਾਈਆਂ ਵਿਖੇ ਪਾਣੀ ਅਤੇ ਵੈਕਟਰ ਬੋਰਨ ਬਿਮਾਰੀਆਂ ਸਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦਾ ਮੁੱਖ ਮੰਤਵ ਵਿਦਿਆਰਥੀਆਂ ਵਿੱਚ ਵਾਰਟ ਅਤੇ ਵੈਕਟਰ ਬੋਰਨ ਬਿਮਾਰੀਆਂ ਬਾਰੇ ਜਾਗਰੂਕਤਾ ਫੈਲਾਉਣਾ ਸੀ। ਇਸ ਮੌਕੇ ਸਿਵਲ ਸਰਜਨ ਪਟਿਆਲਾ ਨੇ ਕਿਹਾ ਕਿ ਗਰਮ ਅਤੇ ਨਮੀ ਵਾਲੇ ਮੌਸਮ ਵਿੱਚ ਮੱਛਰ ਦੀ ਭਰਮਾਰ ਹੋ ਜਾਂਦੀ ਹੈ ਅਤੇ ਬਿਮਾਰੀਆਂ ਵੱਧ ਜਾਂਦੀਆਂ ਹਨ। ਵੈਕਟਰ ਬੋਰਨ ਬਿਮਾਰੀਆਂ ਵਿੱਚ ਡੇਂਗੂ, ਚਿਕਨਗੁਨੀਆ, ਮਲੇਰੀਆ ਆਦਿ ਸ਼ਾਮਲ ਹਨ।ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦੇਣ ਅਤੇ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਣ। ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਆਪਣੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ।
ਇਸ ਮੌਕੇ ਐਪੀਡੀਮੋਲੋਜਿਸਟ ਆਈਡੀਐਸਪੀ ਡਾ: ਦਿਵਜੋਤ ਸਿੰਘ ਨੇ ਦੱਸਿਆ ਕਿ ਦੂਸ਼ਿਤ ਪਾਣੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਹੈਜ਼ਾ, ਟਾਈਫਾਈਡ, ਦਸਤ, ਪੀਲੀਆ, ਗੈਸਟਰੋਐਂਟਰਾਇਟਿਸ ਆਦਿ ਤੋਂ ਬਚਣ ਲਈ ਪਾਣੀ ਨੂੰ ਉਬਾਲ ਕੇ ਪੀਓ ਅਤੇ ਨਿੱਜੀ ਸਫਾਈ ਦਾ ਧਿਆਨ ਰੱਖੋ। ਉਨ੍ਹਾਂ ਵਿਦਿਆਰਥੀਆਂ ਨੂੰ ਹੱਥ ਧੋਣ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੀਣ ਵਾਲਾ ਪਾਣੀ ਸਾਫ਼ ਸਰੋਤਾਂ ਤੋਂ ਹੀ ਲੈਣਾ ਚਾਹੀਦਾ ਹੈ। ਪਾਣੀ ਨੂੰ ਸ਼ੁੱਧ ਕਰਨ ਲਈ ਕਲੋਰੀਨ ਦੀਆਂ ਗੋਲੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ: ਸੁਮੀਤ ਸਿੰਘ ਨੇ ਦੱਸਿਆ ਕਿ ਡੇਂਗੂ ਦੇ ਲੱਛਣ ਜਿਵੇਂ ਤੇਜ਼ ਬੁਖਾਰ, ਤੇਜ਼ ਸਿਰਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਜੋੜਾਂ ਵਿੱਚ ਦਰਦ, ਉਲਟੀਆਂ, ਚਮੜੀ ਵਿੱਚ ਧੱਫੜ ਆਦਿ ਹੋਣ ਦੀ ਸੂਰਤ ਵਿੱਚ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਾ ਕੇ ਟੈਸਟ ਕਰਵਾਉਣਾ ਜ਼ਰੂਰੀ ਹੈ। ਸਾਰੇ ਟੈਸਟ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਕੀਤੇ ਜਾਂਦੇ ਹਨ। ਇਸ ਮੌਕੇ ਐਸ.ਐਮ.ਓ ਡਾ: ਗੁਰਪ੍ਰੀਤ ਨਾਗਰਾ ਨੇ ਸਰਕਾਰੀ ਸਿਹਤ ਸੰਸਥਾਵਾਂ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ | ਇਸ ਮੌਕੇ ਐਮ.ਓ ਡਾ.ਮਨਦੀਪ ਸਿੰਘ, ਸ਼ਸ਼ੀ ਬਾਲਾ, ਸ਼ਿਵ ਕੁਮਾਰ, ਜਿਲ੍ਹਾ ਬੀ.ਸੀ.ਸੀ ਜਸਬੀਰ ਕੌਰ, ਬੀ.ਈ.ਈ ਸ਼ਯਾਨ, ਐਸ.ਆਈ ਮਨੋਜ, ਬਿੱਟੂ ਅਤੇ ਸਮੂਹ ਫੀਲਡ ਸਟਾਫ਼ ਹਾਜ਼ਰ ਸੀ।
