Patiala News: NEET 2026 ਵਿੱਚ ਪਟਿਆਲਾ ਜ਼ਿਲ੍ਹੇ ਨੇ ਇੱਕ ਵਾਰ ਫਿਰ ਧਮਾਲ ਮਚਾ ਦਿੱਤੀ, ਪੰਜਾਬ ਭਰ ਵਿੱਚੋਂ ਮੋਹਰੀ ਰਹੇ।

Patiala News: NEET 2026 ਵਿੱਚ ਪਟਿਆਲਾ ਜ਼ਿਲ੍ਹੇ ਨੇ ਇੱਕ ਵਾਰ ਫਿਰ ਧਮਾਲ ਮਚਾ ਦਿੱਤੀ, ਪੰਜਾਬ ਭਰ ਵਿੱਚੋਂ ਮੋਹਰੀ ਰਹੇ।

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਦੂਰਅੰਦੇਸ਼ੀ ਸੋਚ ਸਦਕਾ NEET 2026 ਦੀ ਪ੍ਰੀਖਿਆ ਵਿੱਚ ਪਟਿਆਲਾ ਜ਼ਿਲ੍ਹਾ ਇੱਕ ਵਾਰ ਫਿਰ ਪੂਰੇ ਪੰਜਾਬ ਵਿੱਚੋਂ ਮੋਹਰੀ ਬਣ ਕੇ ਸਾਹਮਣੇ ਆਇਆ ਹੈ। ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਕੁੱਲ 101 ਵਿਦਿਆਰਥੀਆਂ ਨੇ ਦੇਸ਼ ਪੱਧਰ ’ਤੇ ਕਰਵਾਈ ਗਈ ਇਸ ਵੱਕਾਰੀ ਪ੍ਰੀਖਿਆ ਵਿੱਚ ਸਫ਼ਲਤਾ ਹਾਸਲ ਕਰਕੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਸ਼ਾਲੂ ਮਹਿਰਾ ਨੇ ਸਫ਼ਲ ਹੋਏ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਇਸ ਪ੍ਰਾਪਤੀ ਦਾ ਸਿਹਰਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਮਾਪਿਆਂ ਦੇ ਸਹਿਯੋਗ ਅਤੇ ਅਧਿਆਪਕਾਂ ਦੀ ਸੁਚੱਜੀ ਅਗਵਾਈ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦੀ ਤਿਆਰੀ ਅਤੇ ਮਾਰਗਦਰਸ਼ਨ ਵਿੱਚ ਸਾਇੰਸ ਪੀ.ਡੀ.ਐਮ., ਜ਼ਿਲ੍ਹਾ ਨੋਡਲ ਲੈਕਚਰਾਰ, ਸਕੂਲ ਪ੍ਰਿੰਸੀਪਲ, ਰਿਸੋਰਸ ਪਰਸਨ, ਫੈਲੋ ਟੀਮ ਅਤੇ ਸਾਇੰਸ ਲੈਕਚਰਾਰ ਨੇ ਵਿਸ਼ੇਸ਼ ਯੋਗਦਾਨ ਪਾਇਆ ਹੈ।

ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਪਟਿਆਲਾ ਡਾ: ਰਵਿੰਦਰਪਾਲ ਸਿੰਘ ਨੇ ਸਫ਼ਲ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੇ ਮੈਰਿਟ ਅੰਕਾਂ ਬਾਰੇ ਪੁੱਛ-ਪੜਤਾਲ ਕਰਦਿਆਂ ਉਨ੍ਹਾਂ ਨੂੰ ਚੰਗੀ ਸੰਸਥਾ ਚੁਣਨ ਅਤੇ ਹੋਰ ਮਿਹਨਤ ਕਰਨ ਲਈ ਕਿਹਾ | ਇਸ ਮੌਕੇ ਸਾਥੀ ਟੀਮ ਮੈਂਬਰ ਪੀ.ਡੀ.ਐਮ ਸੰਦੀਪ ਕੁਮਾਰ ਪਿ੍ੰਸੀਪਲ, ਮਨਦੀਪ ਕੌਰ ਅੰਟਾਲ ਪਿ੍ੰਸੀਪਲ, ਸੁਧੀਰ ਕੁਮਾਰ ਪਿ੍ੰਸੀਪਲ, ਦੀਪਕ ਕੁਮਾਰ ਲੈਕਚਰਾਰ ਮੈਥ ਅਤੇ ਦੌਲਤ ਰਾਮ ਜ਼ਿਲ੍ਹਾ ਨੋਡਲ ਲੈਕਚਰਾਰ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |

ਜ਼ਿਲ੍ਹਾ ਨੋਡਲ ਲੈਕਚਰਾਰ ਦੌਲਤ ਰਾਮ ਨੇ ਦੱਸਿਆ ਕਿ ਪਿਛਲੇ ਸਾਲ ਜ਼ਿਲ੍ਹੇ ਦੇ 71 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਸੀ ਜਦਕਿ ਇਸ ਸਾਲ ਇਹ ਗਿਣਤੀ 101 ਹੋ ਗਈ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ 56 ਵਿਦਿਆਰਥੀ ਨਾਨ ਸਕੂਲ ਆਫ਼ ਐਮੀਨੈਂਸ, 23 ਵਿਦਿਆਰਥੀ ਸਕੂਲ ਆਫ਼ ਐਮੀਨੈਂਸ ਅਤੇ 22 ਵਿਦਿਆਰਥੀ ਮੈਰੀਟੋਰੀਅਸ ਸਕੂਲ ਪਟਿਆਲਾ ਨਾਲ ਸਬੰਧਤ ਹਨ।

ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ, ਪਟਿਆਲਾ ਸ਼ਾਲੂ ਮਹਿਰਾ ਨੇ ਜ਼ਿਲ੍ਹੇ ਵਿੱਚੋਂ ਅੱਵਲ ਸਥਾਨ ਹਾਸਲ ਕਰਨ ਵਾਲੇ 9 ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ। ਸਨਮਾਨਿਤ ਹੋਣ ਵਾਲੇ ਵਿਦਿਆਰਥੀਆਂ ਵਿੱਚ ਨਿਸ਼ਾ ਕੌਰ ਐਮੀਨੈਂਸ ਸਕੂਲ ਭੁਨਰਹੇੜੀ, ਰਾਜਵੰਸ਼ ਆਹਲੂਵਾਲੀਆ ਮਲਟੀਪਰਪਜ਼ ਸਕੂਲ ਪਟਿਆਲਾ, ਅੰਸ਼ੁਲ ਜਿੰਦਲ ਅਤੇ ਯਸ਼ਿਕਾ ਸਿੰਗਲਾ ਸੋਈ ਸਮਾਣਾ, ਆਦਰਸ਼ ਗੌਤਮ ਮੈਰੀਟੋਰੀਅਸ ਸਕੂਲ ਪਟਿਆਲਾ, ਸਹਿਜਪ੍ਰੀਤ ਕੌਰ ਗਰਲਜ਼ ਨਾਭਾ ਅਤੇ ਨਵਰਾਜ ਸਿੰਘ ਕਲਿਆਣ ਸਕੂਲ ਸ਼ਾਮਲ ਹਨ। ਸਕੂਲ ਆਫ਼ ਐਮੀਨੈਂਸ ਭੁਨਰਹੇੜੀ ਸਕੂਲ ਦੀ ਨਿਸ਼ਾ ਕੌਰ ਨੇ 539 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।

ਪੀਡੀਐਮ ਸੰਦੀਪ ਕੁਮਾਰ ਨੇ ਦੱਸਿਆ ਕਿ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਦੇ ਕੁੱਲ 881 ਵਿਦਿਆਰਥੀਆਂ ਨੇ ਨੀਟ 2026 ਦੀ ਪ੍ਰੀਖਿਆ ਪਾਸ ਕੀਤੀ ਹੈ, ਜਿਨ੍ਹਾਂ ਵਿੱਚੋਂ 101 ਵਿਦਿਆਰਥੀ ਇਕੱਲੇ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਇਹ ਜ਼ਿਲ੍ਹੇ ਲਈ ਮਾਣ ਵਾਲੀ ਪ੍ਰਾਪਤੀ ਹੈ।
ਪੀਡੀਐਮ ਸੁਧੀਰ ਕੁਮਾਰ ਜੀ ਨੇ ਦੱਸਿਆ ਕਿ NEET ਦੀ ਤਿਆਰੀ ਆਈਆਈਟੀ ਕਾਨਪੁਰ ਦੀ ਟੀਮ ਵੱਲੋਂ ‘ਸਾਥੀ’ ਪ੍ਰੋਗਰਾਮ ਤਹਿਤ ਸਾਥੀ ਐਪ ਰਾਹੀਂ ਕਰਵਾਈ ਜਾਂਦੀ ਹੈ। ਵਿਦਿਆਰਥੀ ਆਪਣੇ ਅਧਿਆਪਕਾਂ ਦੀ ਅਗਵਾਈ ਹੇਠ ਔਨਲਾਈਨ ਕਲਾਸਾਂ, ਮੌਕ ਟੈਸਟ, ਰੋਜ਼ਾਨਾ ਸਮੱਸਿਆ ਅਭਿਆਸ ਅਤੇ ਸ਼ੱਕ ਸੈਸ਼ਨਾਂ ਵਿੱਚ ਭਾਗ ਲੈ ਕੇ ਇਸ ਪ੍ਰੀਖਿਆ ਦੀ ਤਿਆਰੀ ਕਰਦੇ ਹਨ।
ਇਸ ਮੌਕੇ ਸਫਲ ਵਿਦਿਆਰਥੀਆਂ ਦੇ ਮਾਪੇ ਅਤੇ ਅਧਿਆਪਕ ਸੁਰੇਸ਼ ਕੁਮਾਰ, ਸੰਦੀਪ ਕੌਰ, ਹਰਦੀਪ ਕੌਰ ਅਤੇ ਮੰਜੂ ਬਾਲਾ ਵੀ ਹਾਜ਼ਰ ਸਨ, ਜਿਨ੍ਹਾਂ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ |

Leave a Reply

Your email address will not be published. Required fields are marked *