Patiala News: ਨੀਨਾ ਮਿੱਤਲ ਨੇ ਰਾਜਪੁਰਾ ਵਿੱਚ ਮੁੱਖ ਮੰਤਰੀ ਮਾਂ-ਧੀ ਦਾ ਸਤਿਕਾਰ ਸਕੀਮ ਲਈ ਕੀਤਾ ਜਾਗਰੂਕ
ਰਾਜਪੁਰਾ, 13 ਮਾਰਚ:
ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਨੇ ਅੱਜ ਰਾਜਪੁਰਾ ਵਿੱਚ ਪੰਜਾਬ ਸਰਕਾਰ ਦੀ “ਮੁੱਖ ਮੰਤਰੀ ਮਾਂ-ਧੀ ਦਾ ਸਤਿਕਾਰ ਸਕੀਮ” ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਰੈਲੀ ਕੀਤੀ। ਇਸ ਜਾਗੋ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ ਅਤੇ ਇਸ ਸਕੀਮ ਲਈ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਵਿਧਾਇਕ ਨੀਨਾ ਮਿੱਤਲ ਨੇ ਕਿਹਾ ਕਿ ਪੰਜਾਬ ਸਰਕਾਰ ਔਰਤਾਂ ਦੀ ਸੁਰੱਖਿਆ, ਸਵੈ-ਨਿਰਭਰਤਾ ਅਤੇ ਸਮਾਜਿਕ ਸਨਮਾਨ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ‘ਮੁੱਖ ਮੰਤਰੀ ਮਾਂ-ਧੀ ਸਤਿਕਾਰ ਯੋਜਨਾ’ ਤਹਿਤ ਯੋਗ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਅਤੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦਿੱਤੀ ਜਾਵੇਗੀ, ਜੋ ਸਿੱਧੇ ਤੌਰ ‘ਤੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਮੁੱਖ ਮੰਤਵ ਮਾਵਾਂ ਅਤੇ ਧੀਆਂ ਨੂੰ ਆਰਥਿਕ ਮਜ਼ਬੂਤੀ ਦੇਣਾ ਅਤੇ ਸਮਾਜ ਵਿੱਚ ਉਨ੍ਹਾਂ ਦਾ ਮਾਣ-ਸਨਮਾਨ ਵਧਾਉਣਾ ਹੈ, ਤਾਂ ਜੋ ਔਰਤਾਂ ਹੋਰ ਆਤਮ ਵਿਸ਼ਵਾਸ ਨਾਲ ਆਪਣੇ ਜੀਵਨ ਵਿੱਚ ਅੱਗੇ ਵੱਧ ਸਕਣ।
ਨੀਨਾ ਮਿੱਤਲ ਨੇ ਦੱਸਿਆ ਕਿ ਸਰਕਾਰ ਵੱਲੋਂ ਅਪ੍ਰੈਲ ਮਹੀਨੇ ਦੀ ਵਿਸਾਖੀ ਮੌਕੇ ਇਸ ਸਕੀਮ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਅਤੇ ਯੋਗ ਔਰਤਾਂ ਨੂੰ ਇਸ ਦਾ ਲਾਭ ਤੁਰੰਤ ਦਿੱਤਾ ਜਾਵੇਗਾ।
ਇਸ ਮੌਕੇ ਵੱਡੀ ਗਿਣਤੀ ਵਿੱਚ ਔਰਤਾਂ ਹਾਜ਼ਰ ਸਨ।
