Patiala News: ਟੀਬੀ ਸਕਰੀਨਿੰਗ ਕੈਂਪ ਲਗਾ ਕੇ ਲੋਕਾਂ ਦੀ ਸਿਹਤ ਜਾਂਚ
ਡਾ: ਸ਼ੈਲੀ ਜੇਤਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟੀ.ਬੀ ਦਾ ਸਮੇਂ ਸਿਰ ਪਤਾ ਲਗਾਉਣ ਅਤੇ ਇਸ ਦੀ ਰੋਕਥਾਮ ਦੇ ਉਦੇਸ਼ ਨਾਲ ਜ਼ਿਲ੍ਹੇ ਭਰ ਵਿੱਚ ਟੀ.ਬੀ ਸਕਰੀਨਿੰਗ ਕੈਂਪ ਲਗਾਏ ਜਾ ਰਹੇ ਹਨ। ਕੈਂਪ ਦੌਰਾਨ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਵਾਸੀਆਂ ਦੀ ਟੀ.ਬੀ ਸਕਰੀਨਿੰਗ ਕੀਤੀ ਅਤੇ ਦੋ ਹਫ਼ਤੇ ਜਾਂ ਇਸ ਤੋਂ ਵੱਧ ਸਮੇਂ ਤੱਕ ਖੰਘ, ਬੁਖਾਰ, ਭਾਰ ਘਟਣਾ, ਰਾਤ ਨੂੰ ਪਸੀਨਾ ਆਉਣਾ ਆਦਿ ਲੱਛਣਾਂ ਵਾਲੇ ਵਿਅਕਤੀਆਂ ਦੀ ਜਾਂਚ ਕੀਤੀ। ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਅਤੇ ਲੋੜੀਂਦੇ ਟੈਸਟ ਕੀਤੇ ਗਏ। ਕੈਂਪ ਦੌਰਾਨ ਮੌਕੇ ’ਤੇ ਹੀ ਐਕਸਰੇ ਦੀ ਜਾਂਚ ਵੀ ਕੀਤੀ ਗਈ। ਸਿਵਲ ਸਰਜਨ ਡਾ: ਸ਼ੈਲੀ ਜੇਤਲੀ ਨੇ ਦੱਸਿਆ ਕਿ ਟੀ.ਬੀ ਇੱਕ ਇਲਾਜਯੋਗ ਬਿਮਾਰੀ ਹੈ, ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਲਗਾਤਾਰ ਖੰਘ ਜਾਂ ਟੀ.ਬੀ ਨਾਲ ਸਬੰਧਤ ਹੋਰ ਲੱਛਣ ਦਿਖਾਈ ਦਿੰਦੇ ਹਨ ਤਾਂ ਉਹ ਤੁਰੰਤ ਆਪਣੇ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕਰਕੇ ਜਾਂਚ ਕਰਵਾਉਣ | ਕੈਂਪ ਦੌਰਾਨ ਲੋਕਾਂ ਨੂੰ ਟੀ.ਬੀ ਦੇ ਲੱਛਣਾਂ ਅਤੇ ਰੋਕਥਾਮ ਦੇ ਤਰੀਕਿਆਂ, ਇਲਾਜ ਦੀ ਮਹੱਤਤਾ ਅਤੇ ਦਵਾਈ ਦਾ ਪੂਰਾ ਕੋਰਸ ਲੈਣ ਬਾਰੇ ਜਾਗਰੂਕ ਕੀਤਾ ਗਿਆ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਟੀ.ਬੀ ਤੋਂ ਸੁਚੇਤ ਰਹਿਣ ਅਤੇ ਕਿਸੇ ਵੀ ਲੱਛਣ ਨੂੰ ਨਜ਼ਰਅੰਦਾਜ਼ ਨਾ ਕਰਨ ਦੀ ਅਪੀਲ ਵੀ ਕੀਤੀ।
