ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਬਾਸਰਕੇ ਤੋਂ ਇੱਕ ਮੰਦਭਾਗੀ ਖਬਰ ਆਈ ਹੈ ਜਿੱਥੇ ਜੰਮੂ ਵਿਖੇ ਡਿਊਟੀ ਦੌਰਾਨ ਚਮਕੌਰ ਸਿੰਘ ਨਾਮੀ ਨੌਜਵਾਨ ਸ਼ਹੀਦ ਹੋ ਗਿਆ।
ਜਾਣਕਾਰੀ ਅਨੁਸਾਰ ਚਮਕੌਰ ਸਿੰਘ ਉਮਰ 26 ਸਾਲ ਪੁੱਤਰ ਸਵਰਨ ਸਿੰਘ ਜੋ ਕਿ ਜੰਮੂ ‘ਚ ਫੌਜ ‘ਚ ਤਾਇਨਾਤ ਸੀ, ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਫੌਜ ਵਿੱਚ ਤਾਇਨਾਤ ਪਰਿਵਾਰਕ ਮੈਂਬਰਾਂ ਨੂੰ ਸਵੇਰੇ ਇੱਕ ਫੋਨ ਰਾਹੀਂ ਚਮਕੌਰ ਸਿੰਘ ਦੀ ਮੌਤ ਦੀ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਘਰ ਵਿੱਚ ਰੌਲਾ ਪੈ ਗਿਆ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।
ਮ੍ਰਿਤਕ ਚਮਕੌਰ ਸਿੰਘ ਦੇ ਚਾਚਾ ਜੋਬਨ ਸਿੰਘ ਨੇ ਦੱਸਿਆ ਕਿ ਕਰੀਬ ਚਾਰ ਸਾਲ ਪਹਿਲਾਂ ਚਮਕੌਰ ਘਰ ਦੇ ਹਾਲਾਤ ਸੁਧਾਰਨ ਲਈ ਫੌਜ ਵਿੱਚ ਭਰਤੀ ਹੋਇਆ ਸੀ। ਉਸ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਲਵਪ੍ਰੀਤ ਕੌਰ ਨਾਲ ਹੋਇਆ ਸੀ।
ਜੋਬਨ ਸਿੰਘ ਨੇ ਕਿਹਾ ਕਿ ਚਮਕੌਰ ਸਿੰਘ ਦੀ ਮੌਤ ਬਾਰੇ ਫੌਜ ਦੇ ਅਧਿਕਾਰੀਆਂ ਵੱਲੋਂ ਸਥਿਤੀ ਸਪੱਸ਼ਟ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚਮਕੌਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੋ ਆਪਣੇ ਪਿੱਛੇ ਇੱਕ ਭੈਣ, ਪਿਤਾ ਸਵਰਨ ਸਿੰਘ, ਮਾਤਾ ਰਣਜੀਤ ਕੌਰ ਅਤੇ ਪਤਨੀ ਛੱਡ ਗਿਆ ਹੈ। ਉਨ੍ਹਾਂ ਦੱਸਿਆ ਕਿ ਫੌਜ ਦੀ ਟੁਕੜੀ ਵੱਲੋਂ ਚਮਕੌਰ ਸਿੰਘ ਦੀ ਮ੍ਰਿਤਕ ਦੇਹ ਨੂੰ ਪਿੰਡ ਬਾਸਰਕੇ ਲਿਆਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
