
-ਨਿਰਮਾਣ ਦਾ ਕੰਮ 1 ਅਪ੍ਰੈਲ ਤੋਂ ਸ਼ੁਰੂ ਹੋਵੇਗਾ
ਚੰਡੀਗੜ੍ਹ, 7 ਮਾਰਚ:
ਪੰਜਾਬ ਦੇ ਮਾਲ ਮੰਤਰੀ ਅਤੇ ਹੁਸ਼ਿਆਰਪੁਰ ਦੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਦੇ ਲਗਾਤਾਰ ਯਤਨਾਂ ਸਦਕਾ ਜਲੰਧਰ-ਹੁਸ਼ਿਆਰਪੁਰ-ਚਿੰਤਪੁਰਨੀ ਸੜਕ ਦਾ ਕੰਮ 1 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ।ਮੁੱਖ ਮੰਤਰੀ ਭਗਵੰਤ ਮਾਨ ਨੇ ਸੜਕ ਦੇ ਨਿਰਮਾਣ ਲਈ 13.74 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਸੜਕ ਦੇ ਨਿਰਮਾਣ ਲਈ ਟੈਂਡਰ ਵੀ ਕੱਢੇ ਗਏ ਹਨ।
ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਜਿੰਪਾ ਨੇ ਕਿਹਾ ਕਿ ਇਸ ਸੜਕ ਦੀ ਖਸਤਾ ਹਾਲਤ ਕਾਰਨ ਦੋਆਬਾ ਖੇਤਰ ਖਾਸ ਕਰਕੇ ਹੁਸ਼ਿਆਰਪੁਰ ਦੇ ਲੋਕ ਬੇਹੱਦ ਨਿਰਾਸ਼ ਹਨ। ਰੋਜ਼ਾਨਾ ਹਾਦਸਿਆਂ ਕਾਰਨ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ ਪਰ ਪਿਛਲੀਆਂ ਸਰਕਾਰਾਂ ਨੇ ਇਸ ਗੰਭੀਰ ਮੁੱਦੇ ਵੱਲ ਕੋਈ ਧਿਆਨ ਨਹੀਂ ਦਿੱਤਾ।
ਉਨ੍ਹਾਂ ਕਿਹਾ ਕਿ ਇਹ ਸੜਕ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਸੜਕ ਤੋਂ ਬਹੁਤ ਸਾਰੇ ਲੋਕ ਲੰਘਦੇ ਹਨ ਜਿਨ੍ਹਾਂ ਵਿੱਚ ਮਾਤਾ ਚਿੰਤਪੁਰਨੀ ਜੀ, ਮਾਤਾ ਜਵਾਲਾ ਜੀ, ਮਾਤਾ ਕਾਂਗੜਾ ਦੇਵੀ ਜੀ, ਮਾਤਾ ਚਾਮੁੰਡਾ ਦੇਵੀ ਜੀ, ਮਾਤਾ ਬਗਲਾਮੁਖੀ ਜੀ ਅਤੇ ਬਾਬਾ ਬਾਲਕ ਨਾਥ ਜੀ ਵਰਗੇ ਮਹੱਤਵਪੂਰਨ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂ ਵੀ ਸ਼ਾਮਲ ਹਨ।
ਜਿੰਪਾ ਨੇ ਦੱਸਿਆ ਕਿ ਉੱਤਰੀ ਭਾਰਤ ਦੇ ਪ੍ਰਸਿੱਧ ਸੈਰ-ਸਪਾਟਾ ਸ਼ਹਿਰਾਂ ਧਰਮਸ਼ਾਲਾ ਅਤੇ ਮੈਕਲਿਓਡ ਗੰਜ ਦੇ ਦਰਸ਼ਨਾਂ ਲਈ ਵੀ ਲੱਖਾਂ ਲੋਕ ਹੁਸ਼ਿਆਰਪੁਰ ਰਾਹੀਂ ਸਫਰ ਕਰਦੇ ਹਨ। ਇਸ ਲਈ ਇਸ ਸੜਕ ਦੀ ਮਹੱਤਤਾ ਨੂੰ ਦੇਖਦੇ ਹੋਏ ਇਸ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਦਾ ਸੜਕ ਨਿਰਮਾਣ ਲਈ ਪੈਸਾ ਮਨਜ਼ੂਰ ਕਰਨ ਲਈ ਧੰਨਵਾਦ ਕੀਤਾ।
ਉਨ੍ਹਾਂ ਅੱਗੇ ਦੱਸਿਆ ਕਿ ਇਸ 39 ਕਿਲੋਮੀਟਰ ਲੰਬੀ ਸੜਕ ਦੇ ਨਿਰਮਾਣ ਲਈ ਟੈਂਡਰ ਜਾਰੀ ਕਰ ਦਿੱਤੇ ਗਏ ਹਨ ਅਤੇ ਇਸ ਦਾ ਕੰਮ 1 ਅਪ੍ਰੈਲ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸੜਕ ਦਾ ਲਗਭਗ 14 ਕਿਲੋਮੀਟਰ ਖੇਤਰ ਜਲੰਧਰ ਜ਼ਿਲ੍ਹੇ ਵਿੱਚ ਅਤੇ 25 ਕਿਲੋਮੀਟਰ ਖੇਤਰ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪੈਂਦਾ ਹੈ। ਜਿਕਰਯੋਗ ਹੈ ਕਿ ਜਿੰਪਾ ਇਸ ਸੜਕ ਦੇ ਨਿਰਮਾਣ ਲਈ ਪਹਿਲੇ ਦਿਨ ਤੋਂ ਹੀ ਉਪਰਾਲੇ ਕਰ ਰਿਹਾ ਹੈ ਅਤੇ ਪੰਜਾਬ ਕੈਬਨਿਟ ਦੇ ਕਈ ਕੇਂਦਰੀ ਮੰਤਰੀਆਂ ਅਤੇ ਸਾਥੀ ਮੰਤਰੀਆਂ ਨਾਲ ਮੀਟਿੰਗਾਂ ਵੀ ਕਰ ਚੁੱਕਾ ਹੈ। ਹੁਣ ਉਨ੍ਹਾਂ ਦੇ ਸੁਹਿਰਦ ਯਤਨਾਂ ਸਦਕਾ ਇਹ ਸੜਕ ਜਲਦੀ ਬਣ ਕੇ ਤਿਆਰ ਹੋ ਜਾਵੇਗੀ।
