ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 9 ਤੋਂ 13 ਸਤੰਬਰ ਤੱਕ ਪਾਤੜਾਂ, ਪਟਿਆਲਾ, ਰਾਜਪੁਰਾ ਅਤੇ ਨਾਭਾ ਵਿਖੇ 5 ਵਿਸ਼ੇਸ਼ ਡਰੋਨ ਸ਼ੋਅ ਕਰਵਾਏ ਜਾਣਗੇ।

-ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ 500 ਡ੍ਰੋਨ ਦੇ ਅਲੌਕਿਕ ਦ੍ਰਿਸ਼ ਨੂੰ ਦੇਖਣ ਲਈ ਸੱਦਾ ਦਿੱਤਾ

– ਕਿਹਾ, ਡਰੋਨ ਸ਼ੋਅ ਪੇਸ਼ਕਾਰੀ ਨੌਜਵਾਨਾਂ ਨੂੰ ਗੁਰੂ ਜੀ ਦੇ ਮਹਾਨ ਜੀਵਨ ਅਤੇ ਸੰਦੇਸ਼ ਨਾਲ ਜੋੜਨ ਦਾ ਇੱਕ ਪ੍ਰਭਾਵਸ਼ਾਲੀ ਮਾਧਿਅਮ ਹੋਵੇਗੀ

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਪਟਿਆਲਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਆਧੁਨਿਕ ਤਕਨਾਲੋਜੀ ਅਤੇ ਅਧਿਆਤਮਿਕਤਾ ਦੇ ਸੁਮੇਲ ਦਾ ਵਿਲੱਖਣ ਅਨੁਭਵ ਦੇਣ ਲਈ 500 ਡਰੋਨਾਂ ਦਾ ਵਿਸ਼ੇਸ਼ ਸ਼ੋਅ ਆਯੋਜਿਤ ਕੀਤਾ ਜਾਵੇਗਾ। ਇਸ ਪੰਜ ਰੋਜ਼ਾ ਲੜੀ ਦੌਰਾਨ ਸ੍ਰੀ ਗੁਰੂ ਜੀ ਦੇ ਜੀਵਨ ਦੀ ਝਲਕ ਅਤੇ ਉਨ੍ਹਾਂ ਦੇ ਵਿਸ਼ਵਵਿਆਪੀ ਭਲਾਈ ਦੇ ਸੰਦੇਸ਼ ਨੂੰ ਅਸਮਾਨ ਵਿੱਚ ਰੌਸ਼ਨੀ ਰਾਹੀਂ ਪੇਸ਼ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਹਿਲਾ ਸ਼ੋਅ 9 ਸਤੰਬਰ ਨੂੰ ਅਨਾਜ ਪੱਤਰ ਵਿਖੇ, ਦੂਜਾ ਸ਼ੋਅ 10 ਸਤੰਬਰ ਨੂੰ ਪਟਿਆਲਾ ਦਿਹਾਤੀ ਹਲਕੇ ਦੇ ਅਨਾਜ ਮੰਡੀ ਸਰਹਿੰਦ ਰੋਡ ਵਿਖੇ, ਤੀਜਾ ਸ਼ੋਅ 11 ਸਤੰਬਰ ਨੂੰ ਪਟਿਆਲਾ ਸ਼ਹਿਰੀ ਹਲਕੇ ਦੇ ਪੋਲੋ ਮੈਦਾਨ ਵਿਖੇ, ਚੌਥਾ 12 ਸਤੰਬਰ ਨੂੰ ਸਰਕਾਰੀ ਰਿਪੁਦਮਨ ਕਾਲਜ ਨਾਭਾ ਦੇ ਸਟੇਡੀਅਮ ਵਿਖੇ ਅਤੇ ਪੰਜਵਾਂ ਸ਼ੋਅ 13 ਸਤੰਬਰ ਨੂੰ ਰਾਜਪੁਰਾ ਦੀ ਅਨਾਜ ਮੰਡੀ ਵਿਖੇ ਕਰਵਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੈਂਕੜੇ ਡਰੋਨਾਂ ਦੀ ਤਾਲਮੇਲ ਉਡਾਣ ਰਾਹੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਸਮਾਨਤਾ, ਮਨੁੱਖਤਾ, ਇਕਜੁੱਟਤਾ ਅਤੇ ਸਮਾਜਿਕ ਏਕਤਾ ਦੀ ਵਿਚਾਰਧਾਰਾ ਨੂੰ ਅਸਮਾਨ ਵਿੱਚ ਬਣੇ ਰੌਸ਼ਨੀ ਦੇ ਵੱਖ-ਵੱਖ ਆਕਾਰ ਅਤੇ ਰੰਗਾਂ ਰਾਹੀਂ ਦਰਸ਼ਕਾਂ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪੇਸ਼ਕਾਰੀ ਵਿਸ਼ੇਸ਼ ਤੌਰ ‘ਤੇ ਨੌਜਵਾਨਾਂ ਨੂੰ ਗੁਰੂ ਜੀ ਦੇ ਮਹਾਨ ਜੀਵਨ ਅਤੇ ਸੰਦੇਸ਼ ਨਾਲ ਜੋੜਨ ਲਈ ਇੱਕ ਪ੍ਰਭਾਵਸ਼ਾਲੀ ਮਾਧਿਅਮ ਸਾਬਤ ਹੋਵੇਗੀ।
ਡਾ ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ਦੇ ਸਾਰੇ ਵਸਨੀਕਾਂ ਨੂੰ ਡਰੋਨ ਦੇ ਅਲੌਕਿਕ ਤਮਾਸ਼ੇ ਨੂੰ ਵੇਖਣ ਲਈ ਸੱਦਾ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਨਾਲ ਇਨ੍ਹਾਂ ਸ਼ੋਅ ਦਾ ਹਿੱਸਾ ਬਣਨਾ ਚਾਹੀਦਾ ਹੈ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਸਾਂਝੀ ਕਰਨੀ ਚਾਹੀਦੀ ਹੈ।
ਇਸ ਮੌਕੇ ਇਨ੍ਹਾਂ ਸਮਾਗਮਾਂ ਦੇ ਨੋਡਲ ਅਫ਼ਸਰ ਏਡੀਸੀ ਪੇਂਡੂ ਵਿਕਾਸ ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਸਮਾਗਮਾਂ ਦੌਰਾਨ ਲੋਕਾਂ ਦੀ ਭੀੜ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਸ਼ਾਸਨ ਵੱਲੋਂ ਸਬੰਧਤ ਐਸ.ਡੀ.ਐਮਜ਼ ਦੀ ਨਿਗਰਾਨੀ ਹੇਠ ਆਵਾਜਾਈ, ਸੁਰੱਖਿਆ, ਪਾਰਕਿੰਗ, ਬਿਜਲੀ, ਪਾਣੀ, ਸਫਾਈ ਅਤੇ ਬੈਠਣ ਸਮੇਤ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ।

Leave a Reply

Your email address will not be published. Required fields are marked *