‘ਦ ਟ੍ਰਿਬਿਊਨ ਦੀ ਰਿਪੋਰਟ ਦੇ ਮੁਤਾਬਕ ਮੁਤਾਬਕ ਪੰਜਵੇਂ ਚਲਾਨ ਪੇਪਰ ‘ਚ ਪੁਲਿਸ ਨੇ ਦੋਸ਼ ਲਾਇਆ ਹੈ ਕਿ ਕੋਟਕਪੂਰਾ ਗੋਲੀ ਕਾਂਡ ਦੀ ਸਾਜਿਸ਼ ਸਾਬਕਾ ਗ੍ਰਹਿ ਮੰਤਰੀ ਸੁਖਬੀਰ ਬਾਦਲ ਅਤੇ ਪੁਲੀਸ ਅਧਿਕਾਰੀ ਸੁਮੇਧ ਸੈਣੀ ਨੇ ਰਚੀ ਸੀ। ਜਾਂਚ ਟੀਮ ਦੇ ਤਿੰਨ ਮੈਂਬਰਾਂ ਦੇ ਦਸਤਖਤਾਂ ਹੇਠ ਤਿਆਰ ਕੀਤੀ ਪੜਤਾਲ ਰਿਪੋਰਟ ਬੀਤੇ ਦਿਨ ਅਦਾਲਤ ਵਿੱਚ ਪੇਸ਼ ਕੀਤੀ ਸੀ।
ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੁਖਬੀਰ ਬਾਦਲ ਅਤੇ ਸੁਮੇਧ ਸੈਣੀ ਨੇ ਡੇਰਾ ਪ੍ਰੇਮੀਆਂ ਨੂੰ ਖੁਸ਼ ਕਰਨ ਅਤੇ ਚੋਣਾਂ ਵਿੱਚ ਉਨ੍ਹਾਂ ਦੀਆਂ ਵੋਟਾਂ ਹਾਸਲ ਕਰਨ ਦੇ ਮਕਸਦ ਨਾਲ ਕੋਟਕਪੂਰਾ ਗੋਲੀ ਕਾਂਡ ਦੀ ਸਾਜ਼ਿਸ਼ ਰਚੀ ਸੀ। ਜਾਂਚ ਟੀਮ ਨੇ ਸੁਖਬੀਰ ਬਾਦਲ, ਸਾਬਕਾ ਡੀਜੀਪੀ ਸੁਮੇਧ ਸੈਣੀ, ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਐੱਸਐੱਸਪੀ ਸੁਖਮਿੰਦਰ ਸਿੰਘ ਮਾਨ, ਥਾਣਾ ਸਿਟੀ ਕੋਟਕਪੂਰਾ ਦੇ ਸਾਬਕਾ ਐੱਸਐੱਚਓ ਗੁਰਦੀਪ ਸਿੰਘ ਖਿਲਾਫ਼ ਜਾਂਚ ਰਿਪੋਰਟਾਂ, ਫੋਰੈਂਸਿਕ ਰਿਪੋਰਟਾਂ, ਘਟਨਾ ਦੌਰਾਨ ਵਰਤੇ ਗਏ ਅਸਲੇ ਦੀਆਂ ਰਿਪੋਰਟਾਂ, ਗਵਾਹਾਂ ਦੀ ਸੂਚੀ ਅਤੇ ਹੋਰ ਦਸਤਾਵੇਜ਼ ਅੱਜ ਅਦਾਲਤ ਨੂੰ ਸੱਪੋ।
ਅਦਾਲਤ ਨੇ ਚਲਾਨ ਦੀਆਂ ਫਾਈਲਾਂ ਪ੍ਰਾਪਤ ਕਰਨ ਤੋਂ ਬਾਅਦ ਇਸ ਮਾਮਲੇ ਦੀ ਅਗਲੀ ਸੁਣਵਾਈ ਪਹਿਲੀ ਮਾਰਚ ਨਿਰਧਾਰਿਤ ਕੀਤੀ ਹੈ। ਅਦਾਲਤ ਨੇ ਮੁਲਜ਼ਮਾਂ ਨੂੰ ਨੋਟਿਸ ਜਾਰੀ ਕਰਕੇ ਪਹਿਲੀ ਮਾਰਚ ਨੂੰ ਅਦਾਲਤ ਸਾਹਮਣੇ ਪੇਸ਼ ਹੋਣ ਦੀ ਹਦਾਇਤ ਕੀਤੀ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਉਸੇ ਦਿਨ ਹੀ ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਵਿੱਚ ਬਹਿਬਲ ਗੋਲੀ ਕਾਂਡ ਦੀ ਵੀ ਸੁਣਵਾਈ ਹੋਣੀ ਹੈ।
ਇਸ ਤੋਂ ਬਾਅਦ ਚੌਥਾ ਚਲਾਨ 15 ਸਤੰਬਰ 2023 ਨੂੰ ਦਾਇਰ ਕੀਤਾ ਸੀ ਜੋ 22 ਪੰਨਿਆ ਦਾ ਸੀ। ਇਸ ਵਿੱਚ ਪਹਿਲਾਂ ਹੀ ਨਾਮਜ਼ਦ ਪੁਲਿਸ ਅਧਿਕਾਰੀਆਂ ਖਿਲਾਫ ਧਾਰਾ 118 ਤੇ 119 ਤਹਿਤ ਚਲਾਨ ਪੇਸ਼ ਕੀਤਾ ਗਿਆ। ਚਲਾਨ ਵਿੱਚ ਤੱਥਾਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਾਏ ਗਏ ਹਨ।
