ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਵੱਲੋਂ ਕਰਵਾਏ ਗਏ ਦੋ ਰੋਜ਼ਾ ਅੰਤਰ-ਕਾਲਜ ਖੇਡ ਮੁਕਾਬਲਿਆਂ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਨੇ ਹਿੱਸਾ ਲਿਆ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਵੱਖ-ਵੱਖ ਖੇਡਾਂ ਜਿਵੇਂ ਕਬੱਡੀ, ਵਾਲੀਬਾਲ, ਮੁੱਕੇਬਾਜ਼ੀ ਅਤੇ ਬੇਸਬਾਲ ਆਦਿ ਸ਼ਾਮਲ ਸਨ। ਖੇਡ ਸਮਾਗਮ ਦਾ ਰਸਮੀ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਖਿਡਾਰੀ ਸਾਡੇ ਸਮਾਜ ਦੀ ਪ੍ਰੇਰਣਾ ਹਨ ਅਤੇ ਸਮਾਜ ਨੂੰ ਖਿਡਾਰੀਆਂ ਦੇ ਜੀਵਨ ਤੋਂ ਸੇਧ ਮਿਲਦੀ ਹੈ। ਉਨ੍ਹਾਂ ਸਾਰੇ ਖਿਡਾਰੀਆਂ ਨੂੰ ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ਲਈ ਵਧਾਈ ਦਿੱਤੀ ਅਤੇ ਇੰਟਰ-ਕਾਲਜ ਵਿੱਚ ਹਿੱਸਾ ਲੈ ਕੇ ਖੇਡਾਂ ਨੂੰ ਜ਼ਿੰਦਾ ਰੱਖਣ ਵਾਲੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ, ਯੂਨੀਵਰਸਿਟੀ ਦੇ ਡਾਇਰੈਕਟਰ ਖੇਡ ਅਮਰਪ੍ਰੀਤ ਸਿੰਘ ਅਤੇ ਫਿਜ਼ੀਕਲ ਕਾਲਜ ਦੀ ਪ੍ਰਿੰਸੀਪਲ ਡਾ. ਹਰਮਨਪ੍ਰੀਤ ਕੌਰ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਇਸ ਚੈਂਪੀਅਨਸ਼ਿਪ ਨੂੰ ਸੁਚਾਰੂ ਢੰਗ ਨਾਲ ਚਲਾਉਣ ਨੂੰ ਯਕੀਨੀ ਬਣਾਉਣ ਲਈ ਚਾਰ ਵੱਖ-ਵੱਖ ਥਾਵਾਂ ‘ਤੇ ਖੇਡ ਮੁਕਾਬਲੇ ਕਰਵਾਏ ਗਏ ਜੋ ਲੀਗ-ਕਮ-ਨਾਕਆਊਟ ਦੇ ਅਧਾਰ ‘ਤੇ ਖੇਡੇ ਗਏ। ਇਸ ਦੌਰਾਨ ਖਿਡਾਰੀਆਂ ਨੇ ਰਵਾਇਤੀ ਅਤੇ ਸਰਕਲ ਸ਼ੈਲੀ ਦੇ ਕਬੱਡੀ ਮੁਕਾਬਲਿਆਂ ਵਿੱਚ ਆਪਣੀ ਸਰੀਰਕ ਤਾਕਤ ਅਤੇ ਰਣਨੀਤੀ ਦਾ ਪ੍ਰਦਰਸ਼ਨ ਕੀਤਾ।
ਲੜਕਿਆਂ ਦੇ ਕਬੱਡੀ ਮੁਕਾਬਲੇ ਵਿੱਚ ਰਾਇਲ ਕਾਲਜ, ਮਾਨਸਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੀਆਂ ਦੇ ਕਬੱਡੀ ਮੁਕਾਬਲੇ ਵਿੱਚ ਫਿਜ਼ੀਕਲ ਕਾਲਜ, ਪਟਿਆਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਕੋਰਟ ‘ਤੇ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਵਿਚਕਾਰ ਸਖਤ ਅਤੇ ਰੋਮਾਂਚਕ ਮੈਚ ਵੇਖੇ ਗਏ, ਲੜਕਿਆਂ ਦੇ ਵਾਲੀਬਾਲ ਮੁਕਾਬਲੇ ਵਿੱਚ ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ, ਜਲੰਧਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੀਆਂ ਦੇ ਵਾਲੀਬਾਲ ਮੁਕਾਬਲੇ ਵਿੱਚ ਫਿਜ਼ੀਕਲ ਐਜੂਕੇਸ਼ਨ, ਪਟਿਆਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਮੁੱਕੇਬਾਜ਼ੀ ਰਿੰਗ ਵਿੱਚ ਵੱਖ-ਵੱਖ ਭਾਰ ਸ਼੍ਰੇਣੀਆਂ ਦੇ ਮੁੱਕੇਬਾਜ਼ਾਂ ਨੇ ਆਪਣੀ ਤਕਨੀਕ, ਚੁਸਤੀ ਅਤੇ ਮੁੱਕੇਬਾਜ਼ੀ ਦੇ ਹੁਨਰ ਨੂੰ ਸਾਬਤ ਕੀਤਾ। ਬੇਸਬਾਲ ਮੈਚਾਂ ਵਿੱਚ ਟੀਮ ਦੇ ਤਾਲਮੇਲ ਅਤੇ ਖਿਡਾਰੀਆਂ ਦੇ ਸ਼ਾਨਦਾਰ ਹਿੱਟ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਅਖੀਰ ਵਿੱਚ ਵਾਈਸ ਚਾਂਸਲਰ ਡਾ. ਗਿੱਲ ਨੇ ਜੇਤੂ ਖਿਡਾਰੀਆਂ ਨੂੰ ਵੱਖ-ਵੱਖ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ।
