
ਜੇਲ੍ਹਾਂ ‘ਚੋਂ ਗੈਂਗਸਟਰਾਂ ਦੇ ਭੱਜਣ, ਮੋਬਾਈਲ ਫ਼ੋਨ ਜ਼ਬਤ ਕਰਨ, ਨਸ਼ਿਆਂ ਦੇ ਮੱਦੇਨਜ਼ਰ ਸਰਕਾਰ ਵੱਡੇ ਬਦਲਾਅ ਕਰਨ ਜਾ ਰਹੀ ਹੈ। ਨਵੀਂ ਨੀਤੀ ਤਹਿਤ ਪਹਿਲੀ ਵਾਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਖੁਫ਼ੀਆ ਅਧਿਕਾਰੀ ਤਾਇਨਾਤ ਕੀਤੇ ਜਾਣਗੇ। ਜੇਕਰ ਜੈਮਰ ਵਿੱਚ ਨੁਕਸ ਪਾਇਆ ਗਿਆ ਤਾਂ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਗੈਂਗਸਟਰਾਂ ਅਤੇ ਅੱਤਵਾਦੀਆਂ ਦੀਆਂ ਬੈਰਕਾਂ ਦੀ ਦਿਨ ਵਿੱਚ ਦੋ ਵਾਰ ਚੈਕਿੰਗ ਕੀਤੀ ਜਾਵੇਗੀ। ਕੱਟੜ ਅੱਤਵਾਦੀਆਂ, ਗੈਂਗਸਟਰਾਂ ਨੂੰ ਅਲੱਗ ਰੱਖਿਆ ਜਾਵੇਗਾ।
ਬੈਰਕਾਂ ਵਿੱਚ ਇੱਕ ਦੀ ਥਾਂ 3 ਵਾਰਡਨ ਤਾਇਨਾਤ ਕੀਤੇ ਜਾਣਗੇ। ਲੋੜ ਪੈਣ ‘ਤੇ ਨਵੀਆਂ ਬੈਰਕਾਂ ਬਣਾਈਆਂ ਜਾਣਗੀਆਂ। ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਗੈਂਗਸਟਰ ਹੁਣ ਜੇਲ੍ਹਾਂ ਵਿੱਚੋਂ ਬਾਹਰ ਨਹੀਂ ਨਿਕਲ ਸਕਣਗੇ। ਇਸ ਸਬੰਧੀ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ ਗਈ ਹੈ। ਜੈਮਰ ਲਗਾ ਕੇ ਜੇਲ੍ਹਾਂ ਦੀ ਨਿਗਰਾਨੀ ਕੀਤੀ ਜਾਵੇਗੀ। ਊਣਤਾਈਆਂ ਦੀ ਸੂਰਤ ਵਿੱਚ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਸਰਕਾਰ 5,200 ਜੇਲ੍ਹ ਵਾਰਡਨਾਂ ਦੀ ਭਰਤੀ ਕਰੇਗੀ। ਇਸ ਸਬੰਧੀ ਜਲਦੀ ਹੀ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ। ਭਰਤੀ ਪ੍ਰਕਿਰਿਆ ਪੂਰੀ ਹੋਣ ‘ਤੇ ਕਮਾਂਡੋ ਟਰੇਨਿੰਗ ਦਿੱਤੀ ਜਾਵੇਗੀ ਤਾਂ ਜੋ ਆਰਮੀ ਵਾਂਗ ਜੇਲ੍ਹ ਦਾ ਹਰ ਸਟਾਫ਼ ਮੈਂਬਰ ਕਿਸੇ ਵੀ ਸਥਿਤੀ ਨਾਲ ਨਜਿੱਠ ਸਕੇ। ਪੈਰੋਲ ‘ਤੇ ਜਾਣ ਵਾਲੇ ਕੈਦੀਆਂ ਲਈ ਨਿਯਮਾਂ ‘ਚ ਸੋਧ ਕੀਤੀ ਜਾਵੇਗੀ।
