ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਦੀ ਦੂਰਅੰਦੇਸ਼ੀ, ਮਨੁੱਖਤਾ ਪੱਖੀ ਅਤੇ ਸਮਰਪਿਤ ਸੋਚ ਸਦਕਾ ਅੱਜ ਪੀ.ਆਰ.ਟੀ.ਸੀ ਮੁੱਖ ਦਫ਼ਤਰ ਵਿਖੇ ਵਿਸ਼ੇਸ਼ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਪਹਿਲਕਦਮੀ ਦਾ ਮੁੱਖ ਮੰਤਵ ਉਨ੍ਹਾਂ ਮੁਲਾਜ਼ਮਾਂ ਨੂੰ ਨਿਰਪੱਖ ਇਨਸਾਫ਼ ਦਿਵਾਉਣਾ ਸੀ ਜੋ ਪਿਛਲੇ ਸਮੇਂ ਦੌਰਾਨ ਗੈਰ-ਹਾਜ਼ਰੀ ਜਾਂ ਮਾਮੂਲੀ ਵਿੱਤੀ ਬੇਨਿਯਮੀਆਂ ਕਾਰਨ ਨੌਕਰੀ ਤੋਂ ਵਾਂਝੇ ਰਹਿ ਗਏ ਸਨ।
ਲੋਕ ਅਦਾਲਤ ਦੌਰਾਨ ਪੀ.ਆਰ.ਟੀ.ਸੀ ਦੀ ਮੈਨੇਜਿੰਗ ਡਾਇਰੈਕਟਰ ਮਨੀਸ਼ਾ ਰਾਣਾ ਅਤੇ ਜਨਰਲ ਮੈਨੇਜਰ (ਪ੍ਰਸ਼ਾਸਨ) ਮਨਿੰਦਰਪਾਲ ਸਿੱਧੂ ਨੇ ਹਰੇਕ ਕੇਸ ਨੂੰ ਵੱਖਰੇ ਅਤੇ ਗੰਭੀਰਤਾ ਨਾਲ ਸੁਣਿਆ। ਸਬੰਧਤ ਕਰਮਚਾਰੀਆਂ ਦੇ ਸਮੁੱਚੇ ਸੇਵਾ ਰਿਕਾਰਡ, ਇਮਾਨਦਾਰੀ, ਪਿਛਲੀ ਕਾਰਗੁਜ਼ਾਰੀ ਅਤੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਪੂਰੀ ਪਾਰਦਰਸ਼ਤਾ ਅਤੇ ਨਿਰਪੱਖਤਾ ਨਾਲ ਫੈਸਲੇ ਲਏ ਜਾਂਦੇ ਹਨ। ਇਸ ਪ੍ਰਕਿਰਿਆ ਤੋਂ ਬਾਅਦ ਯੋਗ ਪਾਏ ਗਏ ਡਰਾਈਵਰਾਂ, ਕੰਡਕਟਰਾਂ ਨੂੰ ਨੌਕਰੀ ‘ਤੇ ਬਹਾਲ ਕਰ ਦਿੱਤਾ ਗਿਆ।
ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਕਿਹਾ ਕਿ “ਅਨੁਸ਼ਾਸਨ ਕਿਸੇ ਵੀ ਸੰਸਥਾ ਦੀ ਨੀਂਹ ਹੁੰਦਾ ਹੈ, ਪਰ ਜਿੱਥੇ ਸੁਧਾਰ ਦੀ ਗੁੰਜਾਇਸ਼ ਹੁੰਦੀ ਹੈ, ਉੱਥੇ ਮੌਕਾ ਦੇਣਾ ਵੀ ਨਿਆਂ ਦਾ ਅਹਿਮ ਹਿੱਸਾ ਹੈ। ਪੀ.ਆਰ.ਟੀ.ਸੀ. ਆਪਣੇ ਮੁਲਾਜ਼ਮਾਂ ਨੂੰ ਸਿਰਫ਼ ਮੁਲਾਜ਼ਮ ਹੀ ਨਹੀਂ ਸਗੋਂ ਆਪਣੇ ਪਰਿਵਾਰ ਦਾ ਹਿੱਸਾ ਮੰਨਦੀ ਹੈ।”
ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਕਰਮਚਾਰੀਆਂ ਵਿੱਚ ਪੀਆਰਟੀਸੀ ਪ੍ਰਤੀ ਵਿਸ਼ਵਾਸ, ਜ਼ਿੰਮੇਵਾਰੀ ਅਤੇ ਸਮਰਪਣ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ, ਤਾਂ ਜੋ ਹਰ ਕਰਮਚਾਰੀ ਨਵੀਂ ਊਰਜਾ ਅਤੇ ਵਚਨਬੱਧਤਾ ਨਾਲ ਪੀਆਰਟੀਸੀ ਦੀ ਤਰੱਕੀ ਵਿੱਚ ਯੋਗਦਾਨ ਪਾ ਸਕੇ।
ਪੀ.ਆਰ.ਟੀ.ਸੀ ਪਰਿਵਾਰ ਵਿੱਚ ਮੁੜ ਸ਼ਾਮਲ ਹੋਣ ਵਾਲੇ ਸਾਰੇ ਡਰਾਈਵਰਾਂ, ਕੰਡਕਟਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਇਹ ਪਹਿਲਕਦਮੀ ਪੀਆਰਟੀਸੀ ਵਿਖੇ ਨਿਆਂ, ਪਾਰਦਰਸ਼ਤਾ, ਮਨੁੱਖੀ ਸੰਵੇਦਨਸ਼ੀਲਤਾ ਅਤੇ ਕਰਮਚਾਰੀ ਭਲਾਈ ਪ੍ਰਤੀ ਪ੍ਰਬੰਧਨ ਦੀ ਵਚਨਬੱਧਤਾ ਦਾ ਇੱਕ ਹੋਰ ਮਜ਼ਬੂਤ ਪ੍ਰਮਾਣ ਹੈ।
ਪਟਿਆਲਾ ਨਿਊਜ਼ : ਪੀਆਰਟੀਸੀ ਦੇ ਚੇਅਰਮੈਨ ਹਰਪਾਲ ਜੁਨੇਜਾ, ਐਮਡੀ ਮਨੀਸ਼ਾ ਰਾਣਾ ਦੇ ਯਤਨਾਂ ਸਦਕਾ ਪੀਆਰਟੀਸੀ ਵਿੱਚ ਲੋਕ ਅਦਾਲਤ ਲਗਾਈ ਗਈ।
– ਯੋਗ ਕਰਮਚਾਰੀਆਂ ਨੂੰ ਮੌਕੇ ‘ਤੇ ਮੁੜ ਸੇਵਾ ਦਾ ਮੌਕਾ ਮਿਲਿਆ- ਜੁਨੇਜਾ
