– ਪ੍ਰਸਿੱਧ ਕਲਾਕਾਰ ਰਾਣਾ ਰਣਬੀਰ ਨੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਨਸ਼ਿਆਂ, ਉਦਾਸੀ ਅਤੇ ਪਰਵਾਸ ਦੀਆਂ ਚੁਣੌਤੀਆਂ ਬਾਰੇ ਜਾਗਰੂਕਤਾ ਪੈਦਾ ਕੀਤੀ।
ਪੰਜਾਬ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਮੁਹਿੰਮ ਦੇ ਹਿੱਸੇ ਵਜੋਂ ਯੂਨੀਵਰਸਿਟੀ ਕਾਲਜ ਘਨੌਰ ਦੇ ਪੰਜਾਬੀ ਵਿਭਾਗ ਅਤੇ ਰੈੱਡ ਰਿਬਨ ਕਲੱਬ ਵੱਲੋਂ ਸਾਂਝੇ ਤੌਰ ’ਤੇ ‘ਯੁਵਾ ਜਾਗਰੂਕਤਾ ਮੀਟਿੰਗ’ ਕਰਵਾਈ ਗਈ। ਇਸ ਮੌਕੇ ਪ੍ਰਸਿੱਧ ਕਲਾਕਾਰ, ਨਾਟਕਕਾਰ ਅਤੇ ਲੇਖਕ ਰਾਣਾ ਰਣਬੀਰ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਨਸ਼ਿਆਂ, ਨਿਰਾਸ਼ਾ ਅਤੇ ਪਰਵਾਸ ਵਰਗੀਆਂ ਸਮਾਜਿਕ ਚੁਣੌਤੀਆਂ ਦੇ ਦੌਰ ਵਿੱਚ ਨੌਜਵਾਨਾਂ ਨੂੰ ਸਹੀ ਦਿਸ਼ਾ ਅਪਣਾਉਣ ਲਈ ਪ੍ਰੇਰਿਤ ਕੀਤਾ।
ਵਿਦਿਆਰਥੀਆਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਰਾਣਾ ਰਣਬੀਰ ਨੇ ਕਿਹਾ ਕਿ ਨੌਜਵਾਨਾਂ ਨੂੰ ਜੀਵਨ ਵਿੱਚ ਤਰੱਕੀ ਦੀ ਭਾਵਨਾ ਬਣਾਈ ਰੱਖਣ ਲਈ ਕੰਮ, ਗਿਆਨ ਅਤੇ ਪੁਸਤਕਾਂ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਆਪਣੀ ਸੋਚ ਅਤੇ ਜੀਵਨ ਵਿੱਚ ਉਸਾਰੂ ਤਬਦੀਲੀਆਂ ਲਿਆਉਣ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਵਿਦਿਆਰਥਣਾਂ ਨੂੰ ਪਰਿਵਾਰ ਅਤੇ ਸਮਾਜ ਵਿੱਚ ਔਰਤਾਂ ਦੇ ਸਤਿਕਾਰ ਦਾ ਸੰਦੇਸ਼ ਫੈਲਾਉਣ ਲਈ ਪ੍ਰੇਰਿਤ ਕੀਤਾ।
ਕਾਲਜ ਪਿ੍ੰਸੀਪਲ ਡਾ: ਲਖਵੀਰ ਸਿੰਘ ਗਿੱਲ ਨੇ ਸਮਾਗਮ ਵਿਚ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਰਾਣਾ ਰਣਬੀਰ ਨੂੰ ਲੋਕ ਕਲਾਕਾਰ ਦੱਸਿਆ | ਉਨ੍ਹਾਂ ਕਿਹਾ ਕਿ ਅਜਿਹੇ ਸੰਵਾਦ ਨੌਜਵਾਨਾਂ ਨੂੰ ਸਮਾਜਿਕ ਸਰੋਕਾਰਾਂ ਨਾਲ ਜੋੜਨ ਅਤੇ ਉਨ੍ਹਾਂ ਦੀ ਸੋਚ ਨੂੰ ਸਹੀ ਦਿਸ਼ਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਸਮਾਗਮ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀ ਵੀ ਹਾਜ਼ਰ ਸਨ, ਜਿਨ੍ਹਾਂ ਨੂੰ ਕਾਲਜ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਕਰਦਿਆਂ ਡਾ: ਰਵਿੰਦਰ ਘੁੰਮਣ ਨੇ ਨੌਜਵਾਨਾਂ ਨੂੰ ਨੈਤਿਕ ਕਦਰਾਂ-ਕੀਮਤਾਂ ਦਾ ਵਿਕਾਸ ਕਰਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ, ਬੁੱਲ੍ਹੇ ਸ਼ਾਹ, ਬਾਬਾ ਫ਼ਰੀਦ ਅਤੇ ਭਗਤ ਕਬੀਰ ਦੀ ਅਮੀਰ ਸ਼ਬਦ ਪਰੰਪਰਾ ਨਾਲ ਜੁੜਨ ਦੀ ਲੋੜ ‘ਤੇ ਜ਼ੋਰ ਦਿੱਤਾ |
