ਪਟਿਆਲਾ ਨਿਊਜ਼ : ਨਗਰ ਨਿਗਮ ਕਮਿਸ਼ਨਰ ਵੱਲੋਂ ਸ਼ਹਿਰ ਵਿੱਚ ਸਫ਼ਾਈ ਦਾ ਜਾਇਜ਼ਾ
– ਖੁੱਲ੍ਹੇ ‘ਚ ਕੂੜਾ ਸੁੱਟਣ ਵਾਲਿਆਂ ਨੂੰ ਸਜ਼ਾਵਾਂ, ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਲੋਕ ਨਗਰ ਨਿਗਮ ਦਾ ਸਾਥ ਦੇਣ – ਪਰਮਜੀਤ ਸਿੰਘ
ਪਟਿਆਲਾ, 6 ਫਰਵਰੀ:
ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਪਰਮਜੀਤ ਸਿੰਘ ਨੇ ਸ਼ਹਿਰ ਦੀ ਸਫ਼ਾਈ ਨੂੰ ਪਹਿਲ ਦੇ ਆਧਾਰ ‘ਤੇ ਰੱਖਦਿਆਂ ਸ਼ਹਿਰ ਅਤੇ ਖਾਸ ਕਰਕੇ ਤ੍ਰਿਪੜੀ ਖੇਤਰ ਦੀ ਸਫ਼ਾਈ ਸਬੰਧੀ ਅਚਨਚੇਤ ਚੈਕਿੰਗ ਕੀਤੀ | ਸ਼ਹਿਰ ਦਾ ਦੌਰਾ ਕਰਦਿਆਂ ਉਨ੍ਹਾਂ ਸੜਕਾਂ, ਗਲੀਆਂ, ਜਨਤਕ ਥਾਵਾਂ ਅਤੇ ਕੂੜਾ ਚੁੱਕਣ ਦੇ ਪ੍ਰਬੰਧਾਂ ਦਾ ਮੁਆਇਨਾ ਕੀਤਾ।
ਪਰਮਜੀਤ ਸਿੰਘ ਨੇ ਕਿਹਾ ਕਿ ਨਗਰ ਨਿਗਮ ਪਟਿਆਲਾ ਦਾ ਮਕਸਦ ਸ਼ਹਿਰ ਨੂੰ ਸਾਫ਼ ਸੁਥਰਾ, ਸੁੰਦਰ ਅਤੇ ਸਿਹਤਮੰਦ ਬਣਾਉਣਾ ਹੈ, ਜਿਸ ਲਈ ਸ਼ਹਿਰੀਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਇਸ ਦੌਰਾਨ ਉਨ੍ਹਾਂ ਇਲਾਕੇ ਦੇ ਕੌਂਸਲਰਾਂ ਨਾਲ ਵੀ ਮੁਲਾਕਾਤ ਕੀਤੀ, ਜਿਨ੍ਹਾਂ ਨੇ ਸਫਾਈ ਸਬੰਧੀ ਤਸੱਲੀ ਪ੍ਰਗਟਾਈ। ਚੈਕਿੰਗ ਦੌਰਾਨ ਏਰੀਆ ਸੈਨੇਟਰੀ ਇੰਸਪੈਕਟਰ ਹਰਵਿੰਦਰ ਸਿੰਘ ਮੌਜੂਦ ਸਨ।
ਚੈਕਿੰਗ ਦੌਰਾਨ ਕਮਿਸ਼ਨਰ ਨੇ ਇਲਾਕੇ ਦੀ ਸਾਫ਼-ਸਫ਼ਾਈ, ਘਰਾਂ ਤੋਂ ਕੂੜਾ ਇਕੱਠਾ ਕਰਨ ਦੀ ਪ੍ਰਕਿਰਿਆ ਅਤੇ ਕੂੜੇ ਨੂੰ ਅਲੱਗ-ਥਲੱਗ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ। ਉਨ੍ਹਾਂ ਮੌਕੇ ‘ਤੇ ਹਾਜ਼ਰ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਗਿੱਲੇ ਅਤੇ ਸੁੱਕੇ ਕੂੜੇ ਨੂੰ ਕੂੜਾ ਚੁੱਕਣ ਵਾਲੇ ਦੇ ਹਵਾਲੇ ਕਰਨ |
ਨਗਰ ਨਿਗਮ ਕਮਿਸ਼ਨਰ ਨੇ ਖੁੱਲ੍ਹੇ ਵਿੱਚ ਕੂੜਾ ਸੁੱਟਣ ਵਾਲਿਆਂ ਨੂੰ ਤਾੜਨਾ ਕੀਤੀ ਕਿ ਉਹ ਅਜਿਹਾ ਨਾ ਕਰਨ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਵਿੱਚ ਨਗਰ ਨਿਗਮ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਸਫ਼ਾਈ ਅਤੇ ਸਫ਼ਾਈ ਨੂੰ ਲਾਗੂ ਕਰਨ ਲਈ ਅਜਿਹੇ ਚੈਕਿੰਗ ਲਗਾਤਾਰ ਜਾਰੀ ਰਹਿਣਗੇ।
