ਪਟਿਆਲਾ ਨਿਊਜ਼ : ਡਾ: ਪੁਸ਼ਪਿੰਦਰ ਸਿੰਘ ਗਿੱਲ ਨੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਉਪ ਕੁਲਪਤੀ ਵਜੋਂ ਅਹੁਦਾ ਸੰਭਾਲ ਲਿਆ ਹੈ |
-ਸਪੋਰਟਸ ਯੂਨੀਵਰਸਿਟੀ ਖੇਡਾਂ ਅਤੇ ਖਿਡਾਰੀਆਂ ਦੀ ਕਾਮਯਾਬੀ ਨਾਲ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਖਤਮ ਕਰਨ ਲਈ ਪਾਏਗੀ ਯੋਗਦਾਨ-ਡਾ. ਪੁਸ਼ਪਿੰਦਰ ਸਿੰਘ ਗਿੱਲ
– ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਕਰਮਜੀਤ ਅਨਮੋਲ ਅਤੇ ਹੋਰ ਸ਼ਖਸੀਅਤਾਂ ਨੇ ਵਧਾਈ ਦਿੱਤੀ ਅਤੇ ਕਿਹਾ, ਸਪੋਰਟਸ ਯੂਨੀਵਰਸਿਟੀ ਹੁਣ ਹੋਰ ਬੁਲੰਦੀਆਂ ਨੂੰ ਛੂਹੇਗੀ।
ਪਟਿਆਲਾ, 9 ਫਰਵਰੀ:
ਪੰਜਾਬ ਸਰਕਾਰ ਵੱਲੋਂ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਦੇ ਨਵ-ਨਿਯੁਕਤ ਵਾਈਸ-ਚਾਂਸਲਰ ਸ. ਪੁਸ਼ਪਿੰਦਰ ਸਿੰਘ ਗਿੱਲ ਨੇ ਅੱਜ ਇੱਥੇ ਯੂਨੀਵਰਸਿਟੀ ਦੇ ਮਾਲ ਰੋਡ ਸਥਿਤ ਦਫ਼ਤਰ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਸਮੇਤ ਉੱਘੇ ਕਲਾਕਾਰ ਕਰਮਜੀਤ ਅਨਮੋਲ ਅਤੇ ਹੋਰ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ‘ਤੇ ਪਹੁੰਚੀਆਂ ਡਾ: ਗਿੱਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੁਸ਼ਪਿੰਦਰ ਸਿੰਘ ਦੀ ਅਗਵਾਈ ‘ਚ ਸਪੋਰਟਸ ਯੂਨੀਵਰਸਿਟੀ ਹੁਣ ਹੋਰ ਬੁਲੰਦੀਆਂ ਨੂੰ ਛੂਹ ਜਾਵੇਗੀ |
ਵਾਈਸ-ਚਾਂਸਲਰ ਡਾ: ਪੁਸ਼ਪਿੰਦਰ ਸਿੰਘ ਗਿੱਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਆਪਣੀਆਂ ਤਰਜੀਹਾਂ ਬਾਰੇ ਦੱਸਦਿਆਂ ਕਿਹਾ ਕਿ ਪੰਜਾਬ ਸਪੋਰਟਸ ਯੂਨੀਵਰਸਿਟੀ ਖੇਡਾਂ ਅਤੇ ਖਿਡਾਰੀਆਂ ਨੂੰ ਪ੍ਰਫੁੱਲਤ ਕਰਕੇ ਸੂਬੇ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਖ਼ਤਮ ਕਰਨ ਵਿੱਚ ਯੋਗਦਾਨ ਪਾਵੇਗੀ। ਡਾ: ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਖਾਸ ਕਰਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਯੂਨੀਵਰਸਿਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ |
ਵਾਈਸ-ਚਾਂਸਲਰ ਡਾ: ਪੁਸ਼ਪਿੰਦਰ ਸਿੰਘ ਗਿੱਲ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ, ਜਿਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਉਦੇਸ਼ ਨੂੰ ਪੂਰਾ ਕਰਨ ਲਈ ਸਪੋਰਟਸ ਯੂਨੀਵਰਸਿਟੀ ਹਰ ਸੰਭਵ ਯਤਨ ਕਰੇਗੀ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ‘ਤੇ ਇਕ ਖਿਡਾਰੀ ਵਜੋਂ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਨੂੰ ਹੋਰ ਬੁਲੰਦੀਆਂ ‘ਤੇ ਲਿਜਾਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ ਅਤੇ ਉਨ੍ਹਾਂ ‘ਤੇ ਪਾਏ ਗਏ ਭਰੋਸੇ ‘ਤੇ ਪੂਰੀ ਤਰ੍ਹਾਂ ਖਰਾ ਉਤਰਨਗੇ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇੱਕ ਬਹੁਤ ਹੀ ਤਜ਼ਰਬੇਕਾਰ ਅਕਾਦਮਿਕ ਸ਼ਖਸੀਅਤ ਨੂੰ ਪੰਜਾਬ ਸਪੋਰਟਸ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਨਿਯੁਕਤ ਕੀਤਾ ਹੈ, ਜਿਸ ਲਈ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹਨ, ਇਸ ਦੇ ਨਾਲ ਹੀ ਉਨ੍ਹਾਂ ਡਾ: ਪੁਸ਼ਪਿੰਦਰ ਸਿੰਘ ਗਿੱਲ ਨੂੰ ਵੀ ਵਧਾਈ ਦਿੱਤੀ। ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਪੁਸ਼ਪਿੰਦਰ ਸਿੰਘ ਗਿੱਲ ਦਾ ਯੂਨੀਵਰਸਿਟੀ ਦੇ ਤਜਰਬੇਕਾਰ ਅਧਿਆਪਨ ਅਤੇ ਨਾਨ-ਟੀਚਿੰਗ ਸਟਾਫ਼ ਵੱਲੋਂ ਸਵਾਗਤ ਕੀਤਾ ਗਿਆ |
ਇਸ ਮੌਕੇ ਪਦਮ ਸ੍ਰੀ ਪ੍ਰਾਣ ਸੱਭਰਵਾਲ, ਹਰਕਿਰਨ ਸਿੰਘ ਬੋਪਾਰਾਏ, ਡਾ: ਗੁਰਮੋਹਨ ਸਿੰਘ ਵਾਲੀਆ, ਪੂਟਾ ਦੇ ਪ੍ਰਧਾਨ ਤੇ ਸਕੱਤਰ, ਭੁਪਿੰਦਰ ਸਿੰਘ ਵਿਰਕ, ਡਾ: ਪ੍ਰਭਲੀਨ ਸਿੰਘ, ਡਾ: ਜਤਿੰਦਰ ਸਿੰਘ ਸਿੱਧੂ, ਇੰਦਰਪ੍ਰੀਤ ਸੰਧੂ, ਪੰਜਾਬੀ ਯੂਨੀਵਰਸਿਟੀ ਦੇ ਬਿਜ਼ਨਸ ਮੈਨੇਜਮੈਂਟ ਵਿਭਾਗ ਦੇ ਫੈਕਲਟੀ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |
