Patiala News: ਰਾਜਿੰਦਰਾ ਹਸਪਤਾਲ ਤੋਂ ਸੁਣਨ ਅਤੇ ਬੋਲਣ ਤੋਂ ਅਸਮਰੱਥ ਬੱਚਿਆਂ ਦਾ ਇਲਾਜ ਕਰਵਾਉਣ ਲਈ ਸਿਹਤ ਮੰਤਰੀ ਡਾ: ਬਲਬੀਰ ਸਿੰਘ ਦਾ ਮਾਪਿਆਂ ਨੂੰ ਸੱਦਾ
-ਪੰਜਾਬ ਸਰਕਾਰ 10 ਲੱਖ ਰੁਪਏ ਵਿੱਚ ਮੁਫ਼ਤ ਕੋਕਲੀਅਰ ਇਮਪਲਾਂਟ ਸਰਜਰੀ ਕਰ ਰਹੀ ਹੈ-ਡਾ. ਬਲਬੀਰ ਸਿੰਘ
– ਸਿਹਤ ਮੰਤਰੀ ਨੇ ਰਾਜਿੰਦਰਾ ਹਸਪਤਾਲ ਵਿਖੇ ਪਹਿਲੀ ਸਫਲ ਕੋਕਲੀਅਰ ਇਮਪਲਾਂਟ ਸਰਜਰੀ ਦੀ ਲਾਭਪਾਤਰੀ ਲੜਕੀ ਅਤੇ ਮਾਪਿਆਂ ਨਾਲ ਮੁਲਾਕਾਤ ਕੀਤੀ।
– ਕਿਹਾ, ਪ੍ਰਾਈਵੇਟ ਹਸਪਤਾਲਾਂ ਦੇ ਮੁਕਾਬਲੇ ਸਰਕਾਰੀ ਹਸਪਤਾਲਾਂ ਵਿੱਚ ਬਿਹਤਰ ਇਲਾਜ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ
– ਬੱਚੀ ਦੇ ਮਾਪਿਆਂ ਦਾ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿਹਤ ਮੰਤਰੀ ਅਤੇ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਦਾ ਧੰਨਵਾਦ।
ਪਟਿਆਲਾ, 3 ਮਾਰਚ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ: ਬਲਬੀਰ ਸਿੰਘ ਨੇ ਅਜਿਹੇ ਬੱਚਿਆਂ ਦੇ ਮੁਫ਼ਤ ਇਲਾਜ ਲਈ ਜਮਾਂਦਰੂ ਤੌਰ ‘ਤੇ ਸੁਣਨ ਅਤੇ ਬੋਲਣ ਤੋਂ ਅਸਮਰੱਥ ਬੱਚਿਆਂ ਦੇ ਮਾਪਿਆਂ ਨੂੰ ਤੁਰੰਤ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਆਉਣ ਦਾ ਸੱਦਾ ਦਿੱਤਾ ਹੈ। ਸਿਹਤ ਮੰਤਰੀ ਇੱਥੇ ਰਾਜਿੰਦਰਾ ਹਸਪਤਾਲ ਵਿੱਚ ਪਹਿਲੀ ਸਫਲ ਕੋਕਲੀਅਰ ਇਮਪਲਾਂਟ ਸਰਜਰੀ ਦੀ ਲਾਭਪਾਤਰੀ 4 ਸਾਲਾ ਬੱਚੀ ਅਤੇ ਉਸ ਦੇ ਮਾਪਿਆਂ ਨੂੰ ਮਿਲਣ ਆਏ ਹੋਏ ਸਨ।
ਸਿਹਤ ਮੰਤਰੀ ਨੇ ਕਿਹਾ ਕਿ ਰਾਜਿੰਦਰਾ ਹਸਪਤਾਲ ਵਿੱਚ ਮਾਹਿਰ ਡਾਕਟਰ ਮੌਜੂਦ ਸਨ, ਪਰ ਸਾਜ਼ੋ-ਸਾਮਾਨ ਦੀ ਘਾਟ ਸੀ, ਜਿਸ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੂਰਾ ਕਰਕੇ ਅਜਿਹੇ ਪ੍ਰਬੰਧ ਕੀਤੇ ਹਨ ਕਿ ਹੁਣ ਵੈਂਟੀਲੇਟਰ ਜਾਂ ਤਕਨੀਕੀ ਉਪਕਰਨਾਂ ਦੀ ਘਾਟ ਕਾਰਨ ਮਰੀਜ਼ ਨੂੰ ਨਿੱਜੀ ਹਸਪਤਾਲ ਜਾਂ ਪੀ.ਜੀ.ਆਈ. ਜਾਣ ਦੀ ਲੋੜ ਨਹੀਂ ਹੈ।
ਡਾ: ਬਲਬੀਰ ਸਿੰਘ ਨੇ ਦੱਸਿਆ ਕਿ ਜਮਾਂਦਰੂ ਗੂੰਗੇ-ਬੋਲੇ ਬੱਚਿਆਂ ਦੇ 10 ਤੋਂ 12 ਲੱਖ ਰੁਪਏ ਦੇ ਮਹਿੰਗੇ ਇਲਾਜ ਲਈ ਰਜਿੰਦਰਾ ਹਸਪਤਾਲ ਵਿਚ ਈ.ਐਨ.ਟੀ. ਮਾਹਿਰ ਡਾਕਟਰ ਸਨ ਪਰ ਆਡੀਓਮੈਟਰੀ, ਪੈਰਾ, ਸਪੀਚ ਥੈਰੇਪਿਸਟ ਅਤੇ ਹੋਰ ਤਕਨੀਕੀ ਉਪਕਰਨਾਂ ਦੀ ਘਾਟ ਸੀ, ਜਿਸ ਨੂੰ ਤੁਰੰਤ ਪੂਰਾ ਕਰ ਦਿੱਤਾ ਗਿਆ ਹੈ ਅਤੇ ਹੁਣ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਇਸ ਸਰਜਰੀ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ।
ਸਮਾਣਾ ਨੇੜਲੇ ਪਿੰਡ ਕੁਲਾਰਾਂ ਤੋਂ ਆਈ ਲੜਕੀ ਗੁਨੀਤ ਕੌਰ ਦੇ ਮਾਪਿਆਂ ਪਰਮਜੀਤ ਕੌਰ ਅਤੇ ਜਸਵੀਰ ਦਾਸ ਨੇ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਮੇਤ ਰਾਜਿੰਦਰਾ ਹਸਪਤਾਲ ਦੇ ਈ.ਐਨ.ਟੀ. ਵਿਭਾਗ ਦੇ ਡਾਕਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਉਨ੍ਹਾਂ ਦੀ ਧੀ ਹੁਣ ਗੂੰਗੇ-ਬੋਲੇ ਹੋਣ ਦੀ ਅਪਾਹਜਤਾ ਦਾ ਸ਼ਿਕਾਰ ਨਹੀਂ ਹੋਵੇਗੀ, ਜਿਸ ਕਾਰਨ ਉਨ੍ਹਾਂ ਦੀ ਬੇਟੀ ਦਾ ਭਵਿੱਖ ਰੌਸ਼ਨ ਹੋ ਗਿਆ ਹੈ।
ਮੈਡੀਕਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਲਿਵਰ ਅਤੇ ਕਿਡਨੀ ਟਰਾਂਸਪਲਾਂਟ ਸਮੇਤ ਦਿਲ, ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਆਪਰੇਸ਼ਨ ਕੀਤੇ ਜਾ ਰਹੇ ਹਨ। ਸਰਕਾਰੀ ਰਾਜਿੰਦਰਾ ਹਸਪਤਾਲ ਦੇ ਸਾਰੇ ਅਪਰੇਸ਼ਨ ਮਾਡਿਊਲਰ ਅਪਰੇਸ਼ਨ ਥੀਏਟਰ ਬਣ ਰਹੇ ਹਨ, ਟਰੌਮਾ ਸੈਂਟਰ ਵੀ ਬਣਾਇਆ ਜਾ ਰਿਹਾ ਹੈ, ਜੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦੀ ਵੱਡੀ ਪ੍ਰਾਪਤੀ ਹੈ।
ਡਾ: ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮੰਤਵ ਸੂਬੇ ਦੇ 3 ਕਰੋੜ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ ਅਤੇ ਸਾਡੇ ਸਰਕਾਰੀ ਹਸਪਤਾਲ ਕਿਸੇ ਵੀ ਨਿੱਜੀ ਹਸਪਤਾਲ ਨਾਲੋਂ ਘੱਟ ਨਹੀਂ ਹੋਣੇ ਚਾਹੀਦੇ। ਇਸ ਮੌਕੇ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਮਿੰਦਰਪਾਲ ਸਿੰਘ ਸਿਬੀਆ, ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ, ਈ.ਐਨ.ਟੀ ਵਿਭਾਗ ਦੇ ਮੁਖੀ ਪ੍ਰੋ.(ਡਾ.) ਸੰਜੀਵ ਭਗਤ ਅਤੇ ਡਾ: ਦਿਨੇਸ਼ ਕੁਮਾਰ ਵੀ ਹਾਜ਼ਰ ਸਨ।
