27/11/2026
ਪਟਿਆਲਾ ਨਿਊਜ਼: ਐਂਟੀਬਾਇਓਟਿਕਸ ਦੀ ਬੇਲੋੜੀ ਵਰਤੋਂ ਮਨੁੱਖੀ ਸਿਹਤ ਲਈ ਗੰਭੀਰ ਖ਼ਤਰਾ: ਸਿਵਲ ਸਰਜਨ ਡਾ: ਸ਼ੈਲੀ ਜੇਤਲੀ

ਪਟਿਆਲਾ ਨਿਊਜ਼: ਐਂਟੀਬਾਇਓਟਿਕਸ ਦੀ ਬੇਲੋੜੀ ਵਰਤੋਂ ਮਨੁੱਖੀ ਸਿਹਤ ਲਈ ਗੰਭੀਰ ਖ਼ਤਰਾ: ਸਿਵਲ ਸਰਜਨ ਡਾ: ਸ਼ੈਲੀ ਜੇਤਲੀ

ਵਿਸ਼ਵ ਐਂਟੀਬਾਇਓਟਿਕ ਪ੍ਰਤੀਰੋਧ ਜਾਗਰੂਕਤਾ ਹਫ਼ਤੇ ਦੇ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੇ ਹਿੱਸੇ ਵਜੋਂ ਸਿਵਲ ਸਰਜਨ ਪਟਿਆਲਾ ਡਾ: ਸ਼ੈਲੀ ਜੇਤਲੀ ਨੇ ਕਿਹਾ ਕਿ ਐਂਟੀਬਾਇਓਟਿਕਸ ਦੀ ਬੇਲੋੜੀ ਅਤੇ ਅਣਉਚਿਤ ਵਰਤੋਂ ਮਨੁੱਖੀ ਸਿਹਤ ਲਈ ਗੰਭੀਰ ਖਤਰਾ ਪੈਦਾ ਕਰ ਰਹੀ ਹੈ। ਇਸ ਨਾਲ ਐਂਟੀਮਾਈਕ੍ਰੋਬਾਇਲ ਰੇਸਿਸਟੈਂਸ (ਏ.ਐੱਮ.ਆਰ.) ਦੀ ਸਮੱਸਿਆ ਪੈਦਾ ਹੋ ਰਹੀ ਹੈ, ਜਿਸ ਕਾਰਨ ਬੈਕਟੀਰੀਆ ‘ਤੇ ਐਂਟੀਬਾਇਓਟਿਕਸ ਦਾ ਪ੍ਰਭਾਵ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਐਂਟੀਬਾਇਓਟਿਕਸ ਦੀ ਖੋਜ ਨੇ ਕਈ ਗੰਭੀਰ ਬਿਮਾਰੀਆਂ ਦੇ ਇਲਾਜ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ ਪਰ ਇਨ੍ਹਾਂ ਦਵਾਈਆਂ ਦੀ ਬੇਲੋੜੀ ਵਰਤੋਂ ਅਤੇ ਗਲਤ ਸੇਵਨ ਕਾਰਨ ਇਹ ਦਵਾਈਆਂ ਆਪਣੀ ਪ੍ਰਭਾਵਸ਼ੀਲਤਾ ਗੁਆ ਰਹੀਆਂ ਹਨ। ਜਦੋਂ ਬੈਕਟੀਰੀਆ ਐਂਟੀਬਾਇਓਟਿਕਸ ਪ੍ਰਤੀ ਰੋਧਕ ਹੋ ਜਾਂਦੇ ਹਨ, ਤਾਂ ਆਮ ਲਾਗਾਂ ਦਾ ਇਲਾਜ ਕਰਨਾ ਵੀ ਮੁਸ਼ਕਲ ਹੋ ਸਕਦਾ ਹੈ।

ਡਾ: ਸ਼ੈਲੀ ਜੇਤਲੀ ਨੇ ਕਿਹਾ ਕਿ ਐਂਟੀਬਾਇਓਟਿਕਸ ਡਾਕਟਰ ਦੀ ਸਲਾਹ ਅਨੁਸਾਰ ਹੀ ਲੈਣੀ ਚਾਹੀਦੀ ਹੈ। ਜ਼ੁਕਾਮ, ਖਾਂਸੀ ਅਤੇ ਫਲੂ ਵਰਗੀਆਂ ਵਾਇਰਲ ਬਿਮਾਰੀਆਂ ਵਿੱਚ ਐਂਟੀਬਾਇਓਟਿਕ ਅਸਰਦਾਰ ਨਹੀਂ ਹਨ। ਇਸ ਲਈ ਲੋਕਾਂ ਨੂੰ ਆਪਣੀ ਮਰਜ਼ੀ ਨਾਲ ਜਾਂ ਕੈਮਿਸਟ ਦੀ ਸਲਾਹ ‘ਤੇ ਐਂਟੀਬਾਇਓਟਿਕਸ ਨਹੀਂ ਲੈਣੇ ਚਾਹੀਦੇ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡਾਕਟਰ ਵੱਲੋਂ ਦੱਸੇ ਸਮੇਂ ਅਤੇ ਖੁਰਾਕ ਅਨੁਸਾਰ ਹੀ ਦਵਾਈ ਲੈਣ ਅਤੇ ਡਾਕਟਰੀ ਸਲਾਹ ਤੋਂ ਬਿਨਾਂ ਦਵਾਈ ਬੰਦ ਨਾ ਕਰਨ। ਆਪਣੀ ਬਚੀ ਹੋਈ ਦਵਾਈ ਕਿਸੇ ਹੋਰ ਨੂੰ ਨਾ ਦਿਓ ਅਤੇ ਪੁਰਾਣੀ ਪਰਚੀ ਦੇ ਆਧਾਰ ‘ਤੇ ਦਵਾਈ ਨਾ ਲਓ।

ਸਿਵਲ ਸਰਜਨ ਨੇ ਕਿਹਾ ਕਿ ਰੋਗਾਣੂਨਾਸ਼ਕ ਪ੍ਰਤੀਰੋਧ ਨੂੰ ਰੋਕਣ ਲਈ ਸਿਹਤ ਵਿਭਾਗ ਦੇ ਨਾਲ-ਨਾਲ ਆਮ ਲੋਕਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਹੱਥਾਂ ਦੀ ਸਫਾਈ, ਸਾਫ-ਸੁਥਰਾ ਭੋਜਨ, ਟੀਕਾਕਰਨ ਅਤੇ ਇਨਫੈਕਸ਼ਨ ਦੀ ਰੋਕਥਾਮ ਵਰਗੇ ਉਪਾਅ ਅਪਣਾ ਕੇ ਇਸ ਸਮੱਸਿਆ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਐਂਟੀਬਾਇਓਟਿਕਸ ਦੀ ਸਹੀ ਅਤੇ ਜਿੰਮੇਵਾਰੀ ਨਾਲ ਵਰਤੋਂ ਸਮੇਂ ਦੀ ਮੁੱਖ ਲੋੜ ਹੈ, ਤਾਂ ਜੋ ਇਹ ਦਵਾਈਆਂ ਭਵਿੱਖ ਵਿੱਚ ਵੀ ਮਨੁੱਖੀ ਜਾਨਾਂ ਬਚਾਉਣ ਲਈ ਕਾਰਗਰ ਰਹਿਣ।