12/10/2026
ਖੁਰਾਕ ਸੁਰੱਖਿਆ ਟੀਮ ਵੱਲੋਂ ਚੈਕਿੰਗ

ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਫੂਡ ਸੇਫਟੀ ਟੀਮ ਪਟਿਆਲਾ ਵੱਲੋਂ ਤੜਕਸਾਰ ਪਿੰਡ ਚਤਹੈਰਾ ਸਥਿਤ ਪੰਜਾਬ ਮਿਲਕ ਡੇਅਰੀ ਦੀ ਜਾਂਚ ਕੀਤੀ ਗਈ| ਟੈਸਟ ਲਗਭਗ 1.25 ਕਿਲੋਗ੍ਰਾਮ ਸੀ. ਇਸ ਦੌਰਾਨ ਟੀਮ ਨੇ ਪਨੀਰ ਦਾ ਸੈਂਪਲ ਲੈ ਕੇ ਜਾਂਚ ਲਈ ਲੈਬਾਰਟਰੀ ਵਿੱਚ ਭੇਜ ਦਿੱਤਾ| ਸ਼ੱਕ ਦੇ ਆਧਾਰ ’ਤੇ ਬਾਕੀ ਸਟਾਕ ਨੂੰ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੇ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਤੱਕ ਜ਼ਬਤ ਕਰ ਲਿਆ ਗਿਆ| ਇਸ ਤੋਂ ਬਾਅਦ ਫੂਡ ਸੇਫਟੀ ਟੀਮ ਵੱਲੋਂ ਸਮਾਣਾ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਜਾਂਚ ਕੀਤੀ ਗਈ, ਜਿੱਥੋਂ ਪਨੀਰ ਦੇ ਤਿੰਨ ਅਤੇ ਘਿਓ ਦਾ ਇੱਕ ਸੈਂਪਲ ਲਿਆ ਗਿਆ| ਇਸ ਮਾਮਲੇ ਸਬੰਧੀ ਜ਼ਿਲ੍ਹਾ ਸਿਹਤ ਅਫਸਰ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਕੁੱਲ ਪੰਜ ਸੈਂਪਲ ਜਾਂਚ ਲਈ ਲੈਬਾਰਟਰੀ ਵਿੱਚ ਭੇਜੇ ਗਏ ਹਨ ਤਾਂ ਜੋ ਇਨ੍ਹਾਂ ਦੀ ਗੁਣਵੱਤਾ ਅਤੇ ਸੁਰੱਖਿਆ ਦੀ ਜਾਂਚ ਕੀਤੀ ਜਾ ਸਕੇ| ਫੂਡ ਸੇਫਟੀ ਵਿਭਾਗ ਨੇ ਦੁਹਰਾਇਆ ਕਿ ਆਮ ਲੋਕਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਖੁਰਾਕ ਮੁਹੱਈਆ ਕਰਵਾਉਣਾ ਵਿਭਾਗ ਦੀ ਮੁੱਖ ਤਰਜੀਹ ਹੈ| ਵਿਭਾਗ ਵੱਲੋਂ ਜਾਂਚ ਅਤੇ ਸੈਂਪਲ ਲੈਣ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ| ਲੈਬਾਰਟਰੀ ਦੀਆਂ ਰਿਪੋਰਟਾਂ ਦੇ ਆਧਾਰ ’ਤੇ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ| ਵਿਭਾਗ ਨੇ ਸਮੂਹ ਫੂਡ ਬਿਜ਼ਨਸ ਅਪਰੇਟਰਾਂ ਨੂੰ ਅਪੀਲ ਕੀਤੀ ਕਿ ਉਹ ਸਫ਼ਾਈ ਦੇ ਉੱਚਿਤ ਮਾਪਦੰਡਾਂ ਨੂੰ ਕਾਇਮ ਰੱਖਣ, ਖੁਰਾਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਅਤੇ ਖਪਤਕਾਰਾਂ ਨੂੰ ਸਿਰਫ਼ ਸੁਰੱਖਿਅਤ ਤੇ ਮਿਆਰੀ ਖੁਰਾਕੀ ਪਦਾਰਥ ਹੀ ਮੁਹੱਈਆ ਕਰਵਾਉਣ|