ਪਟਿਆਲਾ ਜ਼ਿਲੇ ਦੇ ਸਾਰੇ 1861 ਪੋਲਿੰਗ ਬੂਥਾਂ ‘ਤੇ 6 ਸਤੰਬਰ ਨੂੰ ਵਿਸ਼ੇਸ਼ ਕੈਂਪ ਲਗਾਏ ਜਾਣਗੇ।

– ਵੋਟਰ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਆਪਣੇ ਬੂਥ ਪੱਧਰ ਦੇ ਅਧਿਕਾਰੀ ਨੂੰ ਦਾਅਵੇ / ਇਤਰਾਜ਼ ਅਤੇ ਫਾਰਮ ਜਮ੍ਹਾ ਕਰਵਾ ਸਕਣਗੇ।
-ਰੋਲ ਆਬਜ਼ਰਵਰ ਵਿਨੈ ਬੁਬਲਾਨੀ ਵਿਸ਼ੇਸ਼ ਕੈਂਪਾਂ ਦਾ ਦੌਰਾ ਕਰਨਗੇ ਅਤੇ ਜਾਇਜ਼ਾ ਲੈਣਗੇ: ਡਾ. ਹਿਮਾਂਸ਼ੂ ਅਗਰਵਾਲ
ਪੰਜਾਬ ਦੇ ਮੁੱਖ ਚੋਣ ਅਫ਼ਸਰ ਦੀਆਂ ਹਦਾਇਤਾਂ ਅਨੁਸਾਰ 6 ਸਤੰਬਰ 2026 (ਐਤਵਾਰ) ਨੂੰ ਪਟਿਆਲਾ ਜ਼ਿਲ੍ਹੇ ਦੇ ਸਾਰੇ 1861 ਪੋਲਿੰਗ ਬੂਥਾਂ ‘ਤੇ ਵਿਸ਼ੇਸ਼ ਵੋਟਰ ਸੂਚੀਆਂ ਸੋਧ (ਐਸ.ਆਈ.ਆਰ.) 2026 ਤਹਿਤ ਵਿਸ਼ੇਸ਼ ਕੈਂਪ ਲਗਾਏ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਵੋਟਰ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਆਪਣੇ-ਆਪਣੇ ਪੋਲਿੰਗ ਬੂਥਾਂ ‘ਤੇ ਲਗਾਏ ਜਾ ਰਹੇ ਇਨ੍ਹਾਂ ਕੈਂਪਾਂ ‘ਤੇ ਪਹੁੰਚ ਕੇ ਵੱਖ-ਵੱਖ ਚੋਣਾਂ ਸਬੰਧੀ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਭਾਰਤੀ ਚੋਣ ਕਮਿਸ਼ਨ ਵੱਲੋਂ ਵਿਸ਼ੇਸ਼ ਤੀਬਰ ਸਮੀਖਿਆ ਦੇ ਦੂਜੇ ਪੜਾਅ (ਨੋਟਿਸ ਫੇਜ਼/ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ) ਦੇ ਕੰਮ ਨੂੰ ਧਿਆਨ ਵਿੱਚ ਰੱਖਦਿਆਂ ਪਟਿਆਲਾ ਜ਼ਿਲ੍ਹੇ ਲਈ ਤਾਇਨਾਤ ਰੋਲ ਅਬਜ਼ਰਵਰ-ਕਮ-ਕਮਿਸ਼ਨਰ ਸ੍ਰੀ ਵਿਨੈ ਬੁਬਲਾਨੀ ਇਨ੍ਹਾਂ ਕੈਂਪਾਂ ਦਾ ਦੌਰਾ ਕਰਨਗੇ ਅਤੇ ਜਾਇਜ਼ਾ ਲੈਣਗੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਵੋਟਰਾਂ ਦੀ ਸਹੂਲਤ ਲਈ ਇਨ੍ਹਾਂ ਵਿਸ਼ੇਸ਼ ਕੈਂਪਾਂ ਵਿੱਚ ਸਾਰੇ ਬੂਥ ਲੈਵਲ ਅਧਿਕਾਰੀ (ਬੀਐਲਓ) ਮੌਜੂਦ ਰਹਿਣਗੇ। ਨਾਗਰਿਕ ਵੋਟਰ ਸੇਵਾਵਾਂ ਲਈ ਲੋੜੀਂਦੇ ਫਾਰਮ ਭਰ ਸਕਦੇ ਹਨ ਅਤੇ ਮੌਕੇ ‘ਤੇ ਹੀ ਆਪਣੇ ਬੀਐਲਓ ਨੂੰ ਜਮ੍ਹਾ ਕਰ ਸਕਦੇ ਹਨ, ਫਾਰਮ ਨੰਬਰ 6: ਨਵੀਂ ਵੋਟ ਬਣਾਉਣ ਲਈ (ਲੋੜੀਂਦੇ ਦਸਤਾਵੇਜ਼ਾਂ ਦੇ ਨਾਲ), ਫਾਰਮ ਨੰਬਰ 6 ਏ ਐਨਆਰਆਈ ਵੋਟਰ ਵਜੋਂ ਰਜਿਸਟਰੇਸ਼ਨ ਲਈ, ਪਤੇ ਦੀ ਤਬਦੀਲੀ, ਵੋਟਰ ਵੇਰਵਿਆਂ ਵਿੱਚ ਤਬਦੀਲੀ ਜਾਂ ਸੋਧ ਲਈ ਫਾਰਮ ਨੰਬਰ 8 ਦਿੱਤਾ ਜਾ ਸਕਦਾ ਹੈ। ਉਨ੍ਹਾਂ ਜ਼ਿਲ੍ਹੇ ਦੇ ਸਾਰੇ ਯੋਗ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 6 ਸਤੰਬਰ ਨੂੰ ਇਨ੍ਹਾਂ ਵਿਸ਼ੇਸ਼ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਵੋਟਰ ਕਾਰਡ, ਵੋਟਰ ਸੇਵਾਵਾਂ ਅਤੇ ਐੱਸਆਈਆਰ ਪ੍ਰਕਿਰਿਆ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਜਾਂ ਸਹਾਇਤਾ ਲਈ, ਜ਼ਿਲ੍ਹਾ ਅਤੇ ਵਿਧਾਨ ਸਭਾ ਹਲਕੇ ਪੱਧਰ ‘ਤੇ ਸਥਾਪਤ ਹੈਲਪਡੈਸਕ ਤੋਂ ਇਲਾਵਾ, ਟੋਲ-ਫ੍ਰੀ ਵੋਟਰ ਹੈਲਪਲਾਈਨ ਨੰਬਰ 1950 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *