ਭਗਵੰਤ ਮਾਨ ਸਰਕਾਰ ਨੇ ਪੰਜਾਬ ਨੂੰ ਕੂੜਾ ਮੁਕਤ ਅਤੇ ਸਾਫ ਸੁਥਰਾ ਬਣਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ : ਨੀਨਾ ਮਿੱਤਲ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮਿਸ਼ਨ ਸਵੱਛ ਪੰਜਾਬ’ ਮੁਹਿੰਮ ਤਹਿਤ ਨਗਰ ਕੌਂਸਲ ਰਾਜਪੁਰਾ ਵੱਲੋਂ ਸ਼ਹਿਰ ਵਿੱਚ 10 ਦਿਨਾਂ ਦੀ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ। ਰਾਜਪੁਰਾ ਵਿੱਚ ਇਸ ਮੁਹਿੰਮ ਦੀ ਅਗਵਾਈ ਕਰਦਿਆਂ ਹਲਕੇ ਦੀ ਵਿਧਾਇਕ ਨੀਨਾ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਹਦਾਇਤਾਂ ‘ਤੇ ਇਹ ਵਿਸ਼ੇਸ਼ ਸਫਾਈ ਮੁਹਿੰਮ 8 ਸਤੰਬਰ ਤੱਕ ਜਾਰੀ ਰਹੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਏਡੀਸੀ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਵੀ ਮੌਜੂਦ ਸਨ।
ਨੀਨਾ ਮਿੱਤਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਵੱਛਤਾ ਮੁਹਿੰਮ ਦਾ ਹਿੱਸਾ ਬਣਨ ਅਤੇ ਸ਼ਹਿਰ ਨੂੰ ਸਾਫ਼ ਰੱਖਣ। ਨੀਨਾ ਮਿੱਤਲ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਕੂੜਾ ਮੁਕਤ ਬਣਾਉਣਾ ਨਾ ਸਿਰਫ ਸਰਕਾਰ ਜਾਂ ਨਗਰ ਕੌਂਸਲ ਦੀ ਜ਼ਿੰਮੇਵਾਰੀ ਹੈ, ਬਲਕਿ ਇਸ ਵਿੱਚ ਹਰ ਨਾਗਰਿਕ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ। ‘ਮਿਸ਼ਨ ਸਵੱਛ ਪੰਜਾਬ’ ਦੇ ਉਦੇਸ਼ ਨੂੰ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਹੀ ਸਫਲਤਾਪੂਰਵਕ ਸਾਕਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਭੋਗਲਾ ਰੋਡ ਤੋਂ ਮੁਕਤਾ ਚੌਕ ਤੱਕ ਨਾਲੀਆਂ ਅਤੇ ਰੋਡ ਬਰਮਾਂ ਦੀ ਸਫਾਈ ਕੀਤੀ ਗਈ, ਗਗਨ ਚੌਕ ਤੋਂ ਮੁਕਤਾ ਚੌਕ ਤੱਕ ਰੋਡ ਡਿਵਾਈਡਰਾਂ ਦੀ ਸਫਾਈ ਕੀਤੀ ਗਈ ਅਤੇ ਡਿਵਾਈਡਰਾਂ ਦੇ ਸੁੰਦਰੀਕਰਨ ਦਾ ਕੰਮ ਸ਼ੁਰੂ ਕੀਤਾ ਗਿਆ।
ਕਾਰਜਕਾਰੀ ਅਧਿਕਾਰੀ ਅਵਤਾਰ ਸ਼ੇਖਰੀ ਨੇ ਦੱਸਿਆ ਕਿ ਵਿਧਾਇਕ ਨੀਨਾ ਮਿੱਤਲ ਅਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਦੀ ਅਗਵਾਈ ਹੇਠ ਨਗਰ ਕੌਂਸਲ ਵੱਲੋਂ ਇਹ ਮੁਹਿੰਮ ਨਿਰਵਿਘਨ ਜਾਰੀ ਰਹੇਗੀ।
ਇਸ ਮੁਹਿੰਮ ਵਿੱਚ ਨਗਰ ਕੌਂਸਲ ਦੇ ਚੇਅਰਮੈਨ ਰਿਤੇਸ਼ ਬਾਂਸਲ, ਸੀਨੀਅਰ ਮੀਤ ਪ੍ਰਧਾਨ ਦੇਸ ਰਾਜ, ਨਗਰ ਨਿਗਮ ਦੀ ਸੀਨੀਅਰ ਪ੍ਰਧਾਨ ਕਲਪਨਾ ਕੁਕਰੇਜਾ, ਕਾਰਜਕਾਰੀ ਅਧਿਕਾਰੀ ਅਵਤਾਰ ਸੇਖੜੀ, ਸੁਪਰਡੈਂਟ ਸੈਨੀਟੇਸ਼ਨ ਰਾਜੇਸ਼ ਕੁਮਾਰ, ਸੈਨੀਟੇਸ਼ਨ ਇੰਸਪੈਕਟਰ ਵਿਕਾਸ ਚੌਧਰੀ, ਕੌਂਸਲਰ ਰਮਨਜੀਤ ਸਿੰਘ ਟਿਵਾਣਾ, ਰਾਜੇਸ਼ ਕੁਮਾਰ ਬਾਵਾ, ਕੌਂਸਲ ਦੇ ਸੈਨੀਟੇਸ਼ਨ ਵਰਕਰ ਅਤੇ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ।
