Patiala News : ਮਹਿੰਦਰਾ ਕਾਲਜ ਵਿਖੇ 13 ਫਰਵਰੀ ਨੂੰ ਵਿਰਾਸਤੀ ਕਵੀ ਦਰਬਾਰ ਕਰਵਾਇਆ ਜਾਵੇਗਾ, ਚੋਟੀ ਦੇ ਕਵੀ ਹੋਣਗੇ ਸ਼ਿਰਕਤ – ਹਰਜੋਤ ਕੌਰ ਮਾਵੀ
-ਨੋਡਲ ਅਫ਼ਸਰ ਐੱਸਡੀਐੱਮ ਮਹਿੰਦਰਾ ਕਾਲਜ ਵਿਖੇ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ, ਪ੍ਰਿੰਸੀਪਲ ਨਾਲ ਮੀਟਿੰਗ ਕਰਦੇ ਹੋਏ
ਪਟਿਆਲਾ, 10 ਫਰਵਰੀ:
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਵਾਲੀਆ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਪਟਿਆਲਾ ਵਿਰਾਸਤੀ ਮੇਲਾ-2026 ਦੌਰਾਨ 13 ਫਰਵਰੀ ਨੂੰ ਕਵੀ ਸਰਕਾਰੀ ਮਹਿੰਦਰਾ ਕਾਲਜ ਵਿਖੇ ਦਰਬਾਰ ਲਗਾਇਆ ਜਾਵੇਗਾ। ਇਸ ਸਬੰਧੀ ਐਸਡੀਐਮ ਪਟਿਆਲਾ ਹਰਜੋਤ ਕੌਰ ਮਾਵੀ ਨੇ ਦੱਸਿਆ ਕਿ ਵਿਰਾਸਤੀ ਕਵੀ ਦਰਬਾਰ ਸਵੇਰੇ 10 ਵਜੇ ਸਰਕਾਰੀ ਮਹਿੰਦਰਾ ਕਾਲਜ ਵਿੱਚ ਸ਼ੁਰੂ ਹੋਵੇਗਾ। ਉਨ੍ਹਾਂ ਇਸ ਕਵੀ ਦਰਬਾਰ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮਹਿੰਦਰਾ ਕਾਲਜ ਦੀ ਪ੍ਰਿੰਸੀਪਲ ਨਿਸ਼ਠਾ ਤ੍ਰਿਪਾਠੀ ਅਤੇ ਹੋਰ ਅਧਿਆਪਨ ਸਟਾਫ਼ ਨਾਲ ਮੀਟਿੰਗ ਵੀ ਕੀਤੀ।
ਐਸਡੀਐਮ ਹਰਜੋਤ ਕੌਰ ਮਾਵੀ ਨੇ ਦੱਸਿਆ ਕਿ ਇਸ ਵਿਰਾਸਤੀ ਕਵੀ ਦਰਬਾਰ ਵਿੱਚ ਪੰਜਾਬੀ, ਉਰਦੂ ਅਤੇ ਪੁਆਧੀ ਦੇ ਨਾਮਵਰ ਸ਼ਾਇਰ ਆਪਣੀਆਂ ਕਵਿਤਾਵਾਂ ਪੇਸ਼ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਕਵੀ ਦਰਬਾਰ ਵਿੱਚ ਭਾਸ਼ਾ ਵਿਭਾਗ ਦੇ ਡਾਇਰੈਕਟਰ ਅਤੇ ਉੱਘੇ ਸ਼ਾਇਰ ਜਸਵੰਤ ਸਿੰਘ ਜਾਫਰ ਦੇ ਨਾਲ ਸੁਰਜੀਤ ਜੱਜ ਫਗਵਾੜਾ, ਤਰਲੋਚਨ ਲੋਚੀ ਲੁਧਿਆਣਾ, ਬਲਵਿੰਦਰ ਸੰਧੂ ਪਟਿਆਲਾ, ਡਾ: ਗੁਰਸੇਵਕ ਲੰਬੀ ਪੰਜਾਬੀ ਯੂਨੀਵਰਸਿਟੀ, ਅਵਤਾਰਜੀਤ ਸਿੰਘ ਪਟਿਆਲਾ, ਸੰਤ ਸਿੰਘ ਸੋਹਲ ਫਤਹਿਗੜ੍ਹ ਸਾਹਿਬ, ਡਾ: ਰੁਬੀਨਾ ਸ਼ਬਨਮ ਮਲੇਰਕੋਟਲਾ, ਡਾ. ਪਟਿਆਲਾ, ਨਵਦੀਪ ਮੁੰਡੀ ਪਟਿਆਲਾ, ਅੰਮ੍ਰਿਤਪਾਲ ਸ਼ੀਡਾ ਪਟਿਆਲਾ, ਜਸਵਿੰਦਰ ਚਾਹਲ ਮਾਨਸਾ, ਸ਼ਤੀਸ਼ ਵਿਦਰੋਹੀ ਪੰਜੋਲਾ, ਚਰਨ ਪੁਆਧੀ ਕੈਥਲ (ਹਰਿਆਣਾ), ਗੁਰਵਿੰਦਰ ਅਮਨ ਰਾਜਪੁਰਾ ਅਤੇ ਕਿਰਪਾਲ ਮੂਨਕ ਭਾਗ ਲੈਣਗੇ। ਸੁਖਦਰਸ਼ਨ ਚਾਹਲ ਕਵੀ ਦਰਬਾਰ ਦਾ ਸੰਚਾਲਨ ਕਰਨਗੇ। ਇਸ ਕਵੀ ਦਰਬਾਰ ਦੌਰਾਨ ਕਵੀ ਪੰਜਾਬ ਦੇ ਵਿਰਸੇ, ਸੱਭਿਆਚਾਰ ਅਤੇ ਸੱਭਿਆਚਾਰ ਬਾਰੇ ਕਲਾਮ ਪੇਸ਼ ਕਰਨਗੇ।
