ਪਟਿਆਲਾ : ਹਾੜੀ ਦੀਆਂ ਫ਼ਸਲਾਂ ਲਈ ਯੂਰੀਆ ਖਾਦ ਦੀ ਸਪਲਾਈ ਜਾਰੀ- ਮੁੱਖ ਖੇਤੀਬਾੜੀ ਅਫ਼ਸਰ ਸ.
ਪਟਿਆਲਾ, 02 ਦਸੰਬਰ:
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪਟਿਆਲਾ ਦੇ ਮੁੱਖ ਖੇਤੀਬਾੜੀ ਅਫਸਰ ਡਾ: ਜਸਵਿੰਦਰ ਸਿੰਘ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ 2,30,000 ਹੈਕਟੇਅਰ ਰਕਬੇ ਵਿੱਚ ਕਣਕ ਅਤੇ 2000 ਹੈਕਟੇਅਰ ਰਕਬੇ ਵਿੱਚ ਤੇਲ ਬੀਜ ਫ਼ਸਲਾਂ ਦੀ ਬਿਜਾਈ ਮੁਕੰਮਲ ਹੋ ਚੁੱਕੀ ਹੈ ਅਤੇ ਹਾੜ੍ਹੀ ਦੀਆਂ ਫ਼ਸਲਾਂ ਲਈ ਲੋੜੀਂਦੀ ਯੂਰੀਆ ਖਾਦ ਦੀ ਸਪਲਾਈ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 102833 ਮੀਟਰਿਕ ਟਨ ਯੂਰੀਆ ਖਾਦ ਦੀ ਲੋੜ ਸੀ, ਜਿਸ ਵਿੱਚੋਂ ਹੁਣ ਤੱਕ 60300 ਮੀਟਰਿਕ ਟਨ ਯੂਰੀਆ ਖਾਦ ਦੀ ਸਪਲਾਈ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਜੇਕਰ ਯੂਰੀਆ ਖਾਦ ਦੀ ਸਪਲਾਈ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਖੇਤੀਬਾੜੀ ਵਿਭਾਗ ਦੇ ਮੁੱਖ ਦਫ਼ਤਰ ਅਤੇ ਵੱਖ-ਵੱਖ ਬਲਾਕਾਂ ਦੇ ਖੇਤੀਬਾੜੀ ਦਫ਼ਤਰਾਂ ਨਾਲ ਸੰਪਰਕ ਕਰਨ ਤਾਂ ਜੋ ਉਨ੍ਹਾਂ ਨੂੰ ਸਮੇਂ ਸਿਰ ਖਾਦ ਦੀ ਸਪਲਾਈ ਦਿੱਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ 60 ਫੀਸਦੀ ਯੂਰੀਆ ਖਾਦ ਸਹਿਕਾਰੀ ਸਭਾਵਾਂ ਰਾਹੀਂ ਅਤੇ 40 ਫੀਸਦੀ ਪ੍ਰਾਈਵੇਟ ਡੀਲਰਾਂ ਰਾਹੀਂ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਖਾਦ ਦੇ ਸੈਂਪਲ ਵੀ ਲਏ ਜਾ ਰਹੇ ਹਨ ਤਾਂ ਜੋ ਕਿਸਾਨਾਂ ਨੂੰ ਮਿਆਰੀ ਖਾਦ ਮੁਹੱਈਆ ਕਰਵਾਈ ਜਾ ਸਕੇ।
