ਉਨ੍ਹਾਂ ਕਿਹਾ ਕਿ ‘ਸਵੱਛ ਪੰਜਾਬ, ਸੁੰਦਰ ਪੰਜਾਬ’ ਸਾਡੀ ਸਾਂਝੀ ਜ਼ਿੰਮੇਵਾਰੀ ਹੈ।
“ਮਿਸ਼ਨ ਕਲੀਨ ਪੰਜਾਬ” ਸਵੱਛ ਪੰਜਾਬ ਵੱਲ ਇੱਕ ਹੋਰ ਕਦਮ ਹੈ, ਹਰ ਵਸਨੀਕ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ – ਡਾ. ਬਲਬੀਰ ਸਿੰਘ
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਕਲੀਨ ਪੰਜਾਬ’ ਦੇ ਦੂਜੇ ਪੜਾਅ ਦੇ ਹਿੱਸੇ ਵਜੋਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ ਬਲਬੀਰ ਸਿੰਘ ਦੀ ਅਗਵਾਈ ਹੇਠ ਅੱਜ ਪਟਿਆਲਾ ਵਿਖੇ ਸੂਬਾ ਪੱਧਰੀ ਕੂੜਾ ਇਕੱਠਾ ਕਰਨ ਦੀ ਮੁਹਿੰਮ ਚਲਾਈ ਗਈ। ਇਸ ਮੌਕੇ ਬੋਲਦਿਆਂ ਉਨ੍ਹਾਂ ਪਟਿਆਲਾ ਅਤੇ ਪੰਜਾਬ ਦੇ ਲੋਕਾਂ ਨੂੰ ਸਫਾਈ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਅਤੇ ਸੂਬੇ ਨੂੰ ਸਾਫ ਸੁਥਰਾ ਰੱਖਣ ਲਈ ਸਰਗਰਮੀ ਨਾਲ ਸਹਿਯੋਗ ਕਰਨ ਦਾ ਸੱਦਾ ਦਿੱਤਾ।
ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਅੱਜ ਸਵੇਰੇ ਖੁਦ ਥਾਪਰ ਇੰਸਟੀਚਿਊਟ ਤੋਂ ਜੇਲ੍ਹ ਰੋਡ ਦੀ ਸਫਾਈ ਕੀਤੀ ਅਤੇ ਪਟਿਆਲਾ ਵਿੱਚ ‘ਮਿਸ਼ਨ ਕਲੀਨ ਪੰਜਾਬ’ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ। ਇਸ ਮੌਕੇ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਉੱਚ ਅਧਿਕਾਰੀ, ਸ਼ਹਿਰ ਦੇ ਵਸਨੀਕਾਂ ਦੇ ਨੁਮਾਇੰਦੇ ਅਤੇ ਸਮਾਜ ਸੇਵੀ ਸੰਸਥਾਵਾਂ ਵੀ ਹਾਜ਼ਰ ਸਨ।
ਡਾ ਬਲਬੀਰ ਸਿੰਘ ਨੇ ‘ਮਿਸ਼ਨ ਕਲੀਨ ਪੰਜਾਬ’ ਨੂੰ ਸਾਫ਼-ਸੁਥਰਾ ਪੰਜਾਬ ਵੱਲ ਇਕ ਹੋਰ ਅਹਿਮ ਕਦਮ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣਾ ਨਾ ਸਿਰਫ ਸਰਕਾਰ ਜਾਂ ਸੈਨੀਟੇਸ਼ਨ ਕਰਮਚਾਰੀਆਂ ਦੀ ਜ਼ਿੰਮੇਵਾਰੀ ਹੈ ਬਲਕਿ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸ਼ਹਿਰਾਂ ਅਤੇ ਪਿੰਡਾਂ ਨੂੰ ਸਾਫ ਰੱਖਣ ਲਈ ਪੰਜਾਬ ਸਰਕਾਰ ਨਾਲ ਸਹਿਯੋਗ ਕਰਨ, ਆਪਣੇ ਘਰਾਂ ਵਿੱਚ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਕਰਕੇ ਕੂੜਾ ਚੁੱਕਣ ਵਾਲਿਆਂ ਨੂੰ ਦੇਣ।
ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਕਲੀਨ ਪੰਜਾਬ’ ਤਹਿਤ 29 ਅਗਸਤ ਤੋਂ 7 ਸਤੰਬਰ ਤੱਕ ਚੱਲਣ ਵਾਲੀ ਇਸ 10 ਰੋਜ਼ਾ ਮੁਹਿੰਮ ਦਾ ਮੁੱਖ ਉਦੇਸ਼ ਕੂੜੇ ਦੇ ਢੇਰਾਂ ਦੀ ਸਫਾਈ ਕਰਕੇ ਸ਼ਹਿਰਾਂ ਅਤੇ ਪਿੰਡਾਂ ਨੂੰ ਸਾਫ਼ ਅਤੇ ਸੁੰਦਰ ਬਣਾਉਣਾ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਵੱਛਤਾ ਨੂੰ ਸਿਰਫ਼ ਇੱਕ ਮੁਹਿੰਮ ਨਾ ਸਮਝਣ, ਬਲਕਿ ਇਸ ਨੂੰ ਆਪਣੀ ਰੋਜ਼ਾਨਾ ਜ਼ਿੰਮੇਵਾਰੀ ਬਣਾਉਣ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਇਸ ਪਹਿਲਕਦਮੀ ਨੂੰ ਸਫਲ ਬਣਾਉਣ ਵਿੱਚ ਹਰ ਨਾਗਰਿਕ ਨਿਸ਼ਚਿਤ ਤੌਰ ‘ਤੇ ਯੋਗਦਾਨ ਪਾਏਗਾ।
ਡਾ ਬਲਬੀਰ ਸਿੰਘ ਨੇ ‘ਮੇਰਾ ਪਟਿਆਲਾ, ਮੈਂ ਹੀ ਸਾਂਵਰਨ’ ਸੰਸਥਾ ਦੀ ਸ਼ਲਾਘਾ ਕੀਤੀ ਅਤੇ ਸਵੱਛਤਾ ਮੁਹਿੰਮ ਵਿੱਚ ਯੋਗਦਾਨ ਲਈ ਇਸ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ, ਪੰਜਾਬ ਜੇਲ੍ਹ ਸਿਖਲਾਈ ਸਕੂਲ ਦੇ ਸਿਖਿਆਰਥੀਆਂ ਅਤੇ ਪਟਿਆਲਾ ਦੇ ਵਸਨੀਕਾਂ ਨੇ ਰਾਜ ਪੱਧਰੀ ਕੂੜਾ ਸਫਾਈ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਡਿਪਟੀ ਮੇਅਰ ਜਗਦੀਪ ਸਿੰਘ ਜੱਗਾ, ਏਡੀਸੀ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ, ਵਧੀਕ ਕਮਿਸ਼ਨਰ ਸਿਮਰਪ੍ਰੀਤ ਕੌਰ, ਕੌਂਸਲਰ ਜਸਵੀਰ ਸਿੰਘ ਗਾਂਧੀ, ਕਰਨਲ ਜੇਵੀ ਚਰਨਜੀਤ ਸਿੰਘ ਐਸਕੇ, ਜਤਿੰਦਰ ਕੌਰ, ਭੁਪਿੰਦਰ ਸਿੰਘ ਲਾਂਬਰਦਾਰ, ਮਨਦੀਪ ਸਿੰਘ ਵਿਰਦੀ, ਸੁਮਿਤ ਭੰਡਾਰੀ, ਹਰੀਸ਼ ਕੁਮਾਰ, ਹਰਿੰਦਰਪਾਲ ਲਾਂਬਾ, ਕੈਪਟਨ ਸੁਖਜੀਤ ਕੌਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਗੁਰਕਰਨ ਸਿੰਘ ਸਮੇਤ ਨਗਰ ਨਿਗਮ ਦੇ ਹੋਰ ਅਧਿਕਾਰੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।
