ਵਿਜੀਲੈਂਸ ਬਿਊਰੋ ਨੇ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਨਿੱਜੀ ਪਾਸਪੋਰਟ ਏਜੰਟ ਨੂੰ ਰੰਗੇ ਹੱਥੀਂ ਕਾਬੂ ਕੀਤਾ


ਚੰਡੀਗੜ੍ਹ, 25 ਸਤੰਬਰ, 2026:

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਦੌਰਾਨ ਜਲੰਧਰ ਦੀ ਨਿੱਜੀ ਪਾਸਪੋਰਟ ਏਜੰਟ ਹਰਦੀਪ ਕੌਰ ਨੂੰ ਪਾਸਪੋਰਟ ਦਫ਼ਤਰ, ਜਲੰਧਰ ਦੇ ਅਧਿਕਾਰੀਆਂ ਨਾਲ ਕਥਿਤ ਜਾਣ-ਪਛਾਣ ਰਾਹੀਂ ਸ਼ਿਕਾਇਤਕਰਤਾ ਦਾ ਪਾਸਪੋਰਟ ਜਲਦੀ ਜਾਰੀ ਕਰਨ ਲਈ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੇਟ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਨੂੰ ਪਿੰਡ ਕੰਦੋਲਾ ਖੁਰਦ, ਤਹਿਸੀਲ ਫਿਲੌਰ, ਜ਼ਿਲ੍ਹਾ ਜਲੰਧਰ ਦੇ ਵਸਨੀਕ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਪਾਸਪੋਰਟ ਲਈ ਅਰਜ਼ੀ ਦਿੱਤੀ ਸੀ। ਇਸ ਤੋਂ ਬਾਅਦ ਉਸ ਦੀ ਪੁਲਿਸ ਵੈਰੀਫਿਕੇਸ਼ਨ ਪੂਰੀ ਹੋ ਗਈ। ਜਦੋਂ ਉਹ ਅਸਲ ਦਸਤਾਵੇਜ਼ਾਂ ਨਾਲ ਪਾਸਪੋਰਟ ਦਫ਼ਤਰ ਜਲੰਧਰ ਪਹੁੰਚੀ ਤਾਂ ਸਬੰਧਤ ਕਰਮਚਾਰੀ ਨੇ ਦੱਸਿਆ ਕਿ ਪਾਸਪੋਰਟ ਬਾਰੇ ਉਸ ਦੀ ਪੁਲਿਸ ਤਸਦੀਕ ਅਜੇ ਪੂਰੀ ਨਹੀਂ ਹੋਈ ਹੈ। ਜਦੋਂ ਉਹ ਪਾਸਪੋਰਟ ਦਫ਼ਤਰ ਤੋਂ ਬਾਹਰ ਆਈ ਤਾਂ ਦੋ ਨਿੱਜੀ ਪਾਸਪੋਰਟ ਏਜੰਟਾਂ, ਐਨਪੀ ਸਿੰਘ ਅਤੇ ਹਰਦੀਪ ਕੌਰ ਨੇ ਪਾਸਪੋਰਟ ਦਫ਼ਤਰ ਦੇ ਨੇੜੇ ਸਥਿਤ ਬੂਥ ਦੇ ਬਾਹਰ ਉਸ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਪਾਸਪੋਰਟ ਅਧਿਕਾਰੀ ਦੁਆਰਾ ਪੁਲਿਸ ਤਸਦੀਕ ਕੀਤੇ ਬਿਨਾਂ ਪਾਸਪੋਰਟ ਜਲਦੀ ਜਾਰੀ ਕਰਨ ਲਈ 35,000 ਰੁਪਏ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਮੰਗ ਬਾਰੇ ਗੱਲਬਾਤ ਰਿਕਾਰਡ ਕੀਤੀ।

ਸ਼ਿਕਾਇਤਕਰਤਾ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ, ਇਸ ਲਈ ਉਸ ਨੇ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਕੋਲ ਪਹੁੰਚ ਕੀਤੀ। ਉਸ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਅਤੇ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਸ਼ਿਕਾਇਤਕਰਤਾ ਤੋਂ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਨਿੱਜੀ ਪਾਸਪੋਰਟ ਏਜੰਟ ਹਰਦੀਪ ਕੌਰ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਦੂਜੇ ਮੁਲਜ਼ਮ ਨਰਿੰਦਰਪਾਲ ਸਿੰਘ ਉਰਫ ਐਨ.ਪੀ. ਮੁਲਜ਼ਮ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਇਸ ਤੋਂ ਇਲਾਵਾ ਅਗਲੇਰੀ ਜਾਂਚ ਦੌਰਾਨ ਪਾਸਪੋਰਟ ਦਫ਼ਤਰ ਦੇ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।

ਉਕਤ ਦੋਸ਼ੀ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Leave a Reply

Your email address will not be published. Required fields are marked *