* ਬਲਤੇਜ ਸਿੰਘ ਪੰਨੂੰ ਨੇ ਇਨਾਮ ਵੰਡੇ*
* ਕਨਿਕਾ ਆਹੂਜਾ ਨੂੰ ਸਰਬੋਤਮ ਬੱਲੇਬਾਜ਼ ਅਤੇ ਮਨਤ ਕਸ਼ਯਪ ਨੂੰ ਸਰਬੋਤਮ ਗੇਂਦਬਾਜ਼ ਚੁਣਿਆ ਗਿਆ*
*ਜੇਤੂ ਟੀਮ ਨੇ 2 ਲੱਖ ਰੁਪਏ ਦਾ ਇਨਾਮ ਅਤੇ ਉਪ ਜੇਤੂ ਟੀਮ ਨੇ 1 ਲੱਖ ਰੁਪਏ ਦਾ ਇਨਾਮ ਜਿੱਤਿਆ*
ਮਹਿਲਾ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੁਆਰਾ ਆਯੋਜਿਤ ਪੰਜਾਬ ਕੁਈਨਜ਼ ਟਵੰਟੀ-20 ਕੱਪ ਇੱਥੇ ਧਰੁਵ ਪਾਂਡਵ ਕ੍ਰਿਕਟ ਸਟੇਡੀਅਮ ਵਿੱਚ ਸਮਾਪਤ ਹੋਇਆ। ਮਾਲਵਾ ਨੇ ਚਾਰ ਟੀਮਾਂ ਦਾ ਟੂਰਨਾਮੈਂਟ ਜਿੱਤਿਆ। ਫਾਈਨਲ ਵਿੱਚ, ਮਾਲਵਾ ਮੇਲ ਨੇ ਪੁਆਧ ਐਕਸਪ੍ਰੈਸ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਕੱਪ ਜਿੱਤਿਆ। ਟੂਰਨਾਮੈਂਟ ਵਿੱਚ ਦੋ ਹੋਰ ਟੀਮਾਂ, ਮਾਝਾ ਬ੍ਰਿਗੇਡ ਅਤੇ ਦੋਆਬਾ ਟਾਈਟਨਜ਼ ਨੇ ਵੀ ਹਿੱਸਾ ਲਿਆ।
ਅੱਜ ਖੇਡੇ ਗਏ ਫਾਈਨਲ ਮੈਚ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਅਤੇ ਸਟੇਟ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ। ਜੇਤੂ ਟੀਮ ਮਾਲਵਾ ਮੇਲ ਨੂੰ ਕੱਪ ਅਤੇ 2 ਲੱਖ ਰੁਪਏ ਦੀ ਇਨਾਮੀ ਰਾਸ਼ੀ ਅਤੇ ਉਪ ਜੇਤੂ ਟੀਮ ਪੁਆਧ ਐਕਸਪ੍ਰੈਸ ਨੂੰ 1 ਲੱਖ ਰੁਪਏ ਦੀ ਇਨਾਮੀ ਰਾਸ਼ੀ ਅਤੇ ਉਪ ਜੇਤੂ ਟਰਾਫੀ ਦਿੱਤੀ ਗਈ।
ਆਖਰੀ ਮੈਚ ਵਿੱਚ, ਪੁਆਧ ਐਕਸਪ੍ਰੈਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 19.2 ਓਵਰਾਂ ਵਿੱਚ 88 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਪੁਆਧ ਟੀਮ ਲਈ ਅੰਕਿਤਾ ਪਾਠਕ ਨੇ 22 ਦੌੜਾਂ ਬਣਾਈਆਂ। ਮਾਲਵਾ ਮੇਲ ਲਈ ਅਲੀਸ਼ਾ ਮਹਿਤਾ ਨੇ ਚਾਰ ਵਿਕਟਾਂ ਲਈਆਂ। ਮਾਲਵਾ ਮੇਲ ਨੇ 18 ਓਵਰਾਂ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 90 ਦੌੜਾਂ ਬਣਾ ਕੇ ਟੀਚਾ ਹਾਸਲ ਕੀਤਾ। ਮਾਲਵਾ ਲਈ ਅਵਨੀਤ ਕੌਰ ਸੰਧੂ ਨੇ 34 ਅਤੇ ਹਰਸਿਮਰਤ ਕੌਰ ਨੇ 28 ਦੌੜਾਂ ਬਣਾਈਆਂ।
ਸਮਾਪਤੀ ਸਮਾਰੋਹ ਵਿੱਚ ਵਿਅਕਤੀਗਤ ਪੁਰਸਕਾਰ ਵੀ ਦਿੱਤੇ ਗਏ। ਕਨਿਕਾ ਆਹੂਜਾ ਨੇ ਸੱਤ ਮੈਚਾਂ ਵਿੱਚ 287 ਦੌੜਾਂ ਬਣਾਈਆਂ ਅਤੇ ਸਰਬੋਤਮ ਬੱਲੇਬਾਜ਼ ਦਾ ਖਿਤਾਬ ਜਿੱਤਿਆ। ਮੰਨਤ ਕਸ਼ਯਪ ਨੇ ਸੱਤ ਮੈਚਾਂ ਵਿੱਚ 14 ਵਿਕਟਾਂ ਲਈਆਂ ਅਤੇ ਸਰਬੋਤਮ ਗੇਂਦਬਾਜ਼ ਦਾ ਖਿਤਾਬ ਜਿੱਤਿਆ। ਅਲੀਸ਼ਾ ਮਹਿਤਾ ਨੂੰ ਪਲੇਅਰ ਆਫ ਦ ਫਾਈਨਲ ਮੈਚ ਦਾ ਪੁਰਸਕਾਰ ਦਿੱਤਾ ਗਿਆ।
ਸ. ਬਲਤੇਜ ਸਿੰਘ ਪੰਨੂ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਲੜਕੀਆਂ ਹਰ ਖੇਤਰ ਵਿੱਚ ਤਰੱਕੀ ਕਰ ਰਹੀਆਂ ਹਨ। ਪੰਜਾਬ ਸਰਕਾਰ ਲੜਕੀਆਂ ਨੂੰ ਖੇਡਾਂ ਵਿੱਚ ਤਰੱਕੀ ਕਰਨ ਦੇ ਵਧੇਰੇ ਮੌਕੇ ਪ੍ਰਦਾਨ ਕਰ ਰਹੀ ਹੈ। ਸ. ਪੰਨੂੰ ਨੇ ਇਸ ਟੂਰਨਾਮੈਂਟ ਦੇ ਆਯੋਜਨ ਲਈ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਵਧਾਈ ਦਿੱਤੀ।
ਇਸ ਮੌਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਨਾਲ ਜੁੜੇ ਸਾਬਕਾ ਭਾਰਤੀ ਕ੍ਰਿਕਟਰ ਗੁਰਕੀਰਤ ਸਿੰਘ ਮਾਨ, ਬਰਿੰਦਰ ਸਿੰਘ ਸਰਾਨ ਅਤੇ ਭੁਪਿੰਦਰ ਸਿੰਘ ਜੂਨੀਅਰ ਵੀ ਮੌਜੂਦ ਸਨ।
