ਅੱਜ ਕੱਲ੍ਹ ਆਮ ਵੇਖਣ ਵਿੱਚ ਆਉਂਦਾ ਹੈ ਕਿ ਮਨੁੱਖ ਆਪਣੀ ਇਨਸਾਨੀਅਤ ਨੂੰ ਪੂਰੀ ਤਰ੍ਹਾਂ ਭੁੱਲ ਗਿਆ ਹੈ ਅਤੇ ਕੁਝ ਅਜਿਹੇ ਕੰਮ ਕਰ ਰਿਹਾ ਹੈ ਜੋ ਉਸ ਦੇ ਅਨੁਕੂਲ ਨਹੀਂ ਹਨ। ਅਜਿਹਾ ਹੀ ਇੱਕ ਮਾਮਲਾ ਸਮਰਾਲਾ ਦੇ ਪਿੰਡ ਮਾਨੂਪੁਰ ਦਾ ਸਾਹਮਣੇ ਆਇਆ ਹੈ। ਜਿੱਥੇ ਇੱਕ ਭਤੀਜੇ ਨੇ ਆਪਣੇ ਹੀ ਚਾਚੇ ਦਾ ਕਤਲ ਕਰਕੇ ਗੁਪਤ ਤਰੀਕੇ ਨਾਲ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਤਾਂ ਜੋ ਕੋਈ ਉਸਨੂੰ ਫੜ ਨਾ ਸਕੇ ਪਰ ਪੁਲਿਸ ਨੇ ਅੰਤਿਮ ਸੰਸਕਾਰ ਵਿੱਚ ਵਿਘਨ ਪਾ ਦਿੱਤਾ ਤਾਂ ਉਸਦੇ ਮਨਸੂਬੇ ਨਾਕਾਮ ਹੋ ਗਏ। ਉਸ ਨੇ ਰੋਕ ਕੇ ਮ੍ਰਿਤਕ ਦੇ ਪਿੰਜਰ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਲਈ ਭੇਜ ਦਿੱਤਾ।
ਸੂਤਰਾਂ ਅਨੁਸਾਰ 65 ਸਾਲਾ ਅਵਤਾਰ ਸਿੰਘ ਨੂੰ ਉਸ ਦੇ ਭਤੀਜੇ ਅਮਰੀਕ ਸਿੰਘ ਨੇ ਸਮਰਾਲਾ ਦੇ ਪਿੰਡ ਮਾਨੂਪੁਰ ਵਿਖੇ ਕਥਿਤ ਤੌਰ ‘ਤੇ ਟਰੈਕਟਰ ਨਾਲ ਮਾਰ ਦਿੱਤਾ ਅਤੇ ਬਾਅਦ ‘ਚ ਇਸ ਕਤਲ ‘ਤੇ ਪਰਦਾ ਪਾਉਣ ਲਈ ਸਾਥੀਆਂ ਸਮੇਤ ਉਸ ਦਾ ਸਸਕਾਰ ਕਰ ਦਿੱਤਾ ਗਿਆ। ਜਦੋਂ ਪੁਲੀਸ ਨੂੰ ਉਸ ਦਾ ਪਤਾ ਲੱਗਾ ਤਾਂ ਉਹ ਡਿਊਟੀ ਮੈਜਿਸਟਰੇਟ ਸਮੇਤ ਮੌਕੇ ’ਤੇ ਪੁੱਜੇ। ਪਾਣੀ ਪਾ ਕੇ ਸਸਕਾਰ ਬੰਦ ਕਰ ਦਿੱਤਾ ਗਿਆ। ਲਾਸ਼ ਦਾ ਕਰੀਬ 10 ਫੀਸਦੀ ਹਿੱਸਾ ਬਚਿਆ ਹੋਇਆ ਸੀ ਅਤੇ ਪੁਲਸ ਨੇ ਪਿੰਜਰ ਅਤੇ ਸੜੀ ਹੋਈ ਲਾਸ਼ ਨੂੰ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
