ਪਟਿਆਲਾ: ਫਿਨਲੈਂਡ ਦੀ ਫੇਰੀ ਤੋਂ ਵਾਪਸ ਪਰਤੇ ਅਧਿਆਪਕਾਂ ਵੱਲੋਂ ਸਾਂਝੇ ਕੀਤੇ ਤਜ਼ਰਬੇ
– ਚੰਗੀ ਕਾਰਗੁਜ਼ਾਰੀ ਵਾਲੇ 7 ਅਧਿਆਪਕਾਂ ਦਾ ਸਨਮਾਨ
ਪਟਿਆਲਾ, 27 ਦਸੰਬਰ:
ਪੰਜਾਬ ਸਰਕਾਰ ਵੱਲੋਂ ਵਿਦਿਅਕ ਢਾਂਚੇ ਵਿੱਚ ਸੁਧਾਰ ਲਿਆਉਣ ਦੇ ਮਕਸਦ ਨਾਲ ਫਿਨਲੈਂਡ ਦੇ ਦੌਰੇ ‘ਤੇ ਭੇਜੇ ਗਏ ਅਧਿਆਪਕ ਸਿਖਲਾਈ ਪੂਰੀ ਕਰਕੇ ਵਾਪਸ ਪਰਤ ਆਏ ਹਨ, ਜਿਨ੍ਹਾਂ ਨੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨਾਲ ਫਿਨਲੈਂਡ ਦੌਰੇ ਦੇ ਤਜ਼ਰਬੇ ਸਾਂਝੇ ਕੀਤੇ। ਸਿੱਖਿਆ ਵਿਭਾਗ ਪੰਜਾਬ ਵੱਲੋਂ ਬਲਾਕ ਪਟਿਆਲਾ-2 ਦੇ ਹੋਣਹਾਰ ਅਧਿਆਪਕਾਂ ਨੂੰ ਉਨ੍ਹਾਂ ਦੀਆਂ ਵਧੀਆ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਬਲਾਕ ਪਟਿਆਲਾ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਡਾ. ਪ੍ਰਿਥੀ ਸਿੰਘ ਵੱਲੋਂ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਦੇ ਸੈਮੀਨਾਰ ਹਾਲ ਵਿਖੇ ਕਰਵਾਏ ਗਏ ਸਮਾਗਮ ਮੌਕੇ ਦਿੱਤੀ ਗਈ | ਸਨਮਾਨਿਤ ਹੋਣ ਵਾਲੇ ਅਧਿਆਪਕਾਂ ਵਿੱਚ ਅਧਿਆਪਕ ਅਮਨਦੀਪ ਕੌਰ, ਤਰਵਿੰਦਰ ਸਿੰਘ, ਅਧਿਆਪਕ ਸੁਖਜੀਤ ਸਿੰਘ ਮੱਟੂ, ਸਤਵੀਰ ਸਿੰਘ, ਹਰਪ੍ਰੀਤ ਕੌਰ, ਬਲਜੀਤ ਕੌਰ ਅਤੇ ਗੁਰਦੀਪ ਕੌਰ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਬਲਾਕ ਪਟਿਆਲਾ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਪ੍ਰਿਥੀ ਸਿੰਘ ਵੀ ਫਿਨਲੈਂਡ ਗਏ ਸਨ।
ਫਿਨਲੈਂਡ ਦੇ ਦੌਰੇ ਤੋਂ ਸਿਖਲਾਈ ਪ੍ਰਾਪਤ ਕਰਨ ਉਪਰੰਤ ਪਹੁੰਚੇ ਅਧਿਆਪਕਾਂ ਨੇ ਕਿਹਾ ਕਿ ਫਿਨਲੈਂਡ ਦੀ ਸਿੱਖਿਆ ਪ੍ਰਣਾਲੀ ਇਸ ਲਈ ਪ੍ਰਭਾਵਸ਼ਾਲੀ ਹੈ ਕਿਉਂਕਿ ਉਥੇ ਅਨੁਸ਼ਾਸਨ ਬਹੁਤ ਹੈ। ਉੱਥੇ ਦੇ ਸਕੂਲਾਂ ਵਿੱਚ ਪਹਿਲੀ ਜਮਾਤ ਦਾ ਵਿਦਿਆਰਥੀ ਵੀ ਬਿਨਾਂ ਪੁੱਛੇ ਪਾਣੀ ਪੀਣ ਜਾਂ ਵਾਸ਼ਰੂਮ ਦੀ ਵਰਤੋਂ ਕਰਨ ਲਈ ਲਾਈਨ ਵਿੱਚ ਖੜ੍ਹਾ ਰਹਿੰਦਾ ਹੈ। ਇਸ ਤੋਂ ਇਲਾਵਾ, ਜਦੋਂ ਅਧਿਆਪਕ ਕਲਾਸ ਵਿੱਚ ਪੜ੍ਹਾ ਰਿਹਾ ਹੁੰਦਾ ਹੈ, ਤਾਂ ਉਸ ਸਮੇਂ ਦੌਰਾਨ ਅਧਿਆਪਕ ਕਲਾਸ ਵਿੱਚ ਆਉਣ ਵਾਲੇ ਕਿਸੇ ਵੀ ਵਿਅਕਤੀ ਨਾਲ ਗੱਲਬਾਤ ਨਹੀਂ ਕਰਦਾ, ਲੈਕਚਰ ਖਤਮ ਹੋਣ ਤੋਂ ਬਾਅਦ ਹੀ। ਇਸ ਤੋਂ ਇਲਾਵਾ ਉਥੋਂ ਦੇ ਅਧਿਆਪਕ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਤੌਰ ‘ਤੇ ਪੜ੍ਹਾਉਣ ‘ਚ ਜ਼ਿਆਦਾ ਵਿਸ਼ਵਾਸ ਰੱਖਦੇ ਹਨ। ਮੌਸਮ ਕਿੰਨਾ ਵੀ ਠੰਡਾ ਕਿਉਂ ਨਾ ਹੋਵੇ, ਵਿਦਿਆਰਥੀਆਂ ਨੂੰ ਧਿਆਨ ਨਾਲ ਕਲਾਸਰੂਮ ਤੋਂ ਬਾਹਰ ਕੱਢਿਆ ਜਾਂਦਾ ਹੈ ਤਾਂ ਜੋ ਬੱਚੇ ਆਪਣੇ ਆਲੇ-ਦੁਆਲੇ ਦੇ ਮਾਹੌਲ ਨਾਲ ਜੁੜ ਸਕਣ ਅਤੇ ਆਪਣੀ ਪੜ੍ਹਾਈ ‘ਤੇ ਧਿਆਨ ਕੇਂਦਰਿਤ ਕਰ ਸਕਣ। ਲੋਕਾਂ ਦਾ ਵਤੀਰਾ ਇਮਾਨਦਾਰ ਅਤੇ ਹਰ ਕਿਸੇ ਦੀ ਮਦਦ ਲਈ ਤਿਆਰ ਹੈ।
ਇਸ ਮੌਕੇ ਸਮੂਹ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਬੀ.ਪੀ.ਈ.ਓ ਪ੍ਰਿਥੀ ਸਿੰਘ ਨੇ ਕਿਹਾ ਕਿ ਇਨ੍ਹਾਂ ਅਧਿਆਪਕਾਂ ਨੂੰ ਸਨਮਾਨਿਤ ਕਰਕੇ ਉਹ ਖੁਦ ਵੀ ਖੁਸ਼ੀ ਤੇ ਫਖਰ ਮਹਿਸੂਸ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਬਲਾਕ ਦੇ ਹੋਰਨਾਂ ਅਧਿਆਪਕਾਂ ਨੂੰ ਵੀ ਇਨ੍ਹਾਂ ਅਧਿਆਪਕਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਦੀ ਸਿੱਖਿਆ ਲਈ ਵਚਨਬੱਧ ਹੈ। ਇਸ ਮੌਕੇ ਸੀਐਚਟੀ ਭੁਪਿੰਦਰ ਸਿੰਘ, ਸੀਐਚਟੀ ਪੂਰਨ ਸਿੰਘ, ਸੀਐਚਟੀ ਸਤਵੰਤ ਕੌਰ ਸਮੇਤ ਬਲਾਕ ਅਧੀਨ ਪੈਂਦੇ ਵੱਖ-ਵੱਖ 59 ਦੇ ਕਰੀਬ ਸਕੂਲਾਂ ਦੇ ਮੁੱਖ ਅਧਿਆਪਕ ਅਤੇ ਹੋਰ ਅਧਿਆਪਕ ਹਾਜ਼ਰ ਸਨ।
