23/11/2026
ਪਟਿਆਲਾ ਨਿਊਜ਼ : ਸੀ.ਐਚ.ਸੀ ਮਾਡਲ ਟਾਊਨ, ਪਟਿਆਲਾ ਵਿਖੇ ਰਾਸ਼ਟਰੀ ਨਵਜਾਤ ਸੰਭਾਲ ਹਫ਼ਤਾ ਮਨਾਇਆ ਗਿਆ

ਪਟਿਆਲਾ ਨਿਊਜ਼ : ਸੀ.ਐਚ.ਸੀ ਮਾਡਲ ਟਾਊਨ, ਪਟਿਆਲਾ ਵਿਖੇ ਰਾਸ਼ਟਰੀ ਨਵਜਾਤ ਸੰਭਾਲ ਹਫ਼ਤਾ ਮਨਾਇਆ ਗਿਆ

ਜ਼ਿਲ੍ਹਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪਟਿਆਲਾ ਵੱਲੋਂ ਡਾ: ਸ਼ੈਲੀ ਜੇਤਲੀ, ਸਿਵਲ ਸਰਜਨ, ਪਟਿਆਲਾ ਦੀ ਅਗਵਾਈ ਹੇਠ ਕਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀ.) ਮਾਡਲ ਟਾਊਨ, ਪਟਿਆਲਾ ਵਿਖੇ ਮਾਵਾਂ ਅਤੇ ਨਵਜੰਮੇ ਬੱਚਿਆਂ ਦੀ ਸਿਹਤ ਸੰਭਾਲ ਨੂੰ ਸਮਰਪਿਤ ਇੱਕ ਵਿਸ਼ੇਸ਼ ਜਾਗਰੂਕਤਾ ਸੈਸ਼ਨ ਰਾਹੀਂ ਨੈਸ਼ਨਲ ਨਿਊਬੋਰਨ ਕੇਅਰ ਹਫ਼ਤਾ ਮਨਾਇਆ ਗਿਆ। ਇਹ ਪ੍ਰੋਗਰਾਮ ਸੀਨੀਅਰ ਮੈਡੀਕਲ ਅਫ਼ਸਰ ਡਾ: ਲਵਕੇਸ਼ ਕੁਮਾਰ ਦੀ ਅਗਵਾਈ ਅਤੇ ਡਾ: ਰਾਜੀਵ ਟੰਡਨ ਅਤੇ ਡਾ: ਤਾਨਿਆ ਗਿੱਲ ਦੀ ਵਿਸ਼ੇਸ਼ ਹਾਜ਼ਰੀ ਵਿਚ ਕਰਵਾਇਆ ਗਿਆ |
ਇਸ ਦੌਰਾਨ ਹਸਪਤਾਲ ਵਿੱਚ ਆਈਆਂ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਨੂੰ ਨਵਜੰਮੇ ਬੱਚਿਆਂ ਦੀ ਸਹੀ ਦੇਖਭਾਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਮੈਡੀਕਲ ਟੀਮ ਨੇ ਬੱਚੇ ਨੂੰ ਜਨਮ ਤੋਂ ਤੁਰੰਤ ਬਾਅਦ ਮਾਂ ਦਾ ਦੁੱਧ ਪਿਲਾਉਣ, ਪਹਿਲੇ ਛੇ ਮਹੀਨੇ ਸਿਰਫ਼ ਮਾਂ ਦਾ ਦੁੱਧ ਹੀ ਪਿਲਾਉਣ, ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ, ਬੱਚੇ ਨੂੰ ਗਰਮ ਰੱਖਣ ਅਤੇ ਸਮੇਂ ਸਿਰ ਟੀਕਾਕਰਨ ਕਰਵਾਉਣ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ।
ਇਸ ਤੋਂ ਇਲਾਵਾ, ਗਰਭਵਤੀ ਔਰਤਾਂ ਨੂੰ ਗਰਭ ਅਵਸਥਾ ਦੌਰਾਨ ਪੌਸ਼ਟਿਕ ਭੋਜਨ ਖਾਣ, ਨਿਯਮਤ ਸਿਹਤ ਜਾਂਚ ਕਰਵਾਉਣ ਅਤੇ ਮਾਂ ਅਤੇ ਨਵਜੰਮੇ ਬੱਚੇ ਲਈ ਕਿਸੇ ਵੀ ਖ਼ਤਰੇ ਦੇ ਸ਼ੁਰੂਆਤੀ ਲੱਛਣਾਂ ਦੀ ਪਛਾਣ ਕਰਕੇ ਤੁਰੰਤ ਡਾਕਟਰੀ ਸਹਾਇਤਾ ਲੈਣ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਡਾਕਟਰਾਂ ਨੇ ਕਿਹਾ ਕਿ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਲਈ ਜਾਗਰੂਕ ਮਾਵਾਂ ਅਤੇ ਪਰਿਵਾਰ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਸੀ.ਐਚ.ਸੀ. ਮਾਡਲ ਟਾਊਨ ਵੱਲੋਂ ਜੱਚਾ-ਬੱਚਾ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਅਜਿਹੇ ਜਾਗਰੂਕਤਾ ਯਤਨ ਜਾਰੀ ਰੱਖੇ ਜਾਣਗੇ।