*ਰੋਬੋਟਿਕ ਸਰਜਰੀ ਨਾਲ ਹੋਵੇਗਾ ਇਲਾਜ ਸੁਰੱਖਿਅਤ : ਡਾ ਬਲਬੀਰ ਸਿੰਘ*
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਅੱਜ ਪਟਿਆਲਾ ਵਿਖੇ ਆਰਥੋਪੀਡਿਕ ਇਲਾਜ ਲਈ ਅਤਿ-ਆਧੁਨਿਕ ਰੋਬੋਟਿਕ ਸਹਾਇਤਾ ਪ੍ਰਾਪਤ ਸਰਜਰੀ ਤਕਨੀਕ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸਿਵਲ ਸਰਜਨ ਪਟਿਆਲਾ ਡਾ: ਸ਼ੈਲੀ ਜੇਤਲੀ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |
ਇਸ ਮੌਕੇ ਬੋਲਦਿਆਂ ਡਾ: ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਨੂੰ ਆਧੁਨਿਕ, ਮਿਆਰੀ ਅਤੇ ਸਸਤੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਿਹਤ ਖੇਤਰ ਵਿੱਚ ਨਵੀਂ ਤਕਨੀਕ ਨੂੰ ਅਪਨਾਉਣਾ ਸਮੇਂ ਦੀ ਲੋੜ ਹੈ ਅਤੇ ਰੋਬੋਟਿਕ ਸਹਾਇਤਾ ਪ੍ਰਾਪਤ ਸਰਜਰੀ ਇਸ ਦਿਸ਼ਾ ਵਿੱਚ ਇੱਕ ਵੱਡੀ ਸਫਲਤਾ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਰੋਬੋਟਿਕ ਤਕਨੀਕ ਦੀ ਮਦਦ ਨਾਲ ਕੀਤੇ ਜਾਣ ਵਾਲੇ ਆਰਥੋਪੈਡਿਕ ਸਰਜਰੀਆਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਸ਼ੁੱਧਤਾ, ਸੁਰੱਖਿਆ ਅਤੇ ਸਫਲਤਾ ਨਾਲ ਕੀਤਾ ਜਾ ਸਕਦਾ ਹੈ। ਇਸ ਤਕਨੀਕ ਨਾਲ ਆਪ੍ਰੇਸ਼ਨ ਤੋਂ ਬਾਅਦ ਮਰੀਜ਼ ਨੂੰ ਘੱਟ ਦਰਦ ਹੁੰਦਾ ਹੈ। ਇਸ ਦੇ ਨਾਲ ਹੀ ਮਰੀਜ਼ ਦੀ ਰਿਕਵਰੀ ਵੀ ਤੇਜ਼ੀ ਨਾਲ ਹੁੰਦੀ ਹੈ, ਜਿਸ ਕਾਰਨ ਉਹ ਜਲਦੀ ਹੀ ਆਮ ਜੀਵਨ ਵਿੱਚ ਵਾਪਸ ਆ ਸਕਦਾ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਲੋਕਾਂ ਵਿੱਚ ਇਹ ਧਾਰਨਾ ਹੈ ਕਿ ਰੋਬੋਟਿਕ ਸਰਜਰੀ ਬਹੁਤ ਮਹਿੰਗੀ ਹੈ, ਪਰ ਇਹ ਜ਼ਰੂਰੀ ਨਹੀਂ ਹੈ। ਇਸ ਤਕਨੀਕ ਦਾ ਉਦੇਸ਼ ਮਰੀਜ਼ਾਂ ਨੂੰ ਬਿਹਤਰ ਇਲਾਜ ਅਤੇ ਤੇਜ਼ੀ ਨਾਲ ਰਿਕਵਰੀ ਪ੍ਰਦਾਨ ਕਰਨਾ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਸ ਸਹੂਲਤ ਨਾਲ ਪਟਿਆਲਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਵੱਡਾ ਲਾਭ ਮਿਲੇਗਾ ਅਤੇ ਉਨ੍ਹਾਂ ਨੂੰ ਅਜਿਹੇ ਇਲਾਜ ਲਈ ਹੋਰ ਮਹਾਨਗਰਾਂ ਵਿੱਚ ਨਹੀਂ ਜਾਣਾ ਪਵੇਗਾ।
ਡਾ: ਬਲਬੀਰ ਸਿੰਘ ਨੇ ਕਿਹਾ ਕਿ ਪਟਿਆਲਾ ਸਿਹਤ ਸੇਵਾਵਾਂ ਦਾ ਅਹਿਮ ਹੱਬ ਬਣਦਾ ਜਾ ਰਿਹਾ ਹੈ ਅਤੇ ਇਸ ਨਵੀਂ ਸਹੂਲਤ ਨਾਲ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਹੋਰ ਨੇੜਲੇ ਰਾਜਾਂ ਦੇ ਮਰੀਜ਼ ਵੀ ਉੱਚ ਪੱਧਰੀ ਇਲਾਜ ਦਾ ਲਾਭ ਉਠਾਉਣਗੇ। ਇਸ ਨਾਲ ਨਾ ਸਿਰਫ਼ ਖੇਤਰੀ ਸਿਹਤ ਬੁਨਿਆਦੀ ਢਾਂਚਾ ਮਜ਼ਬੂਤ ਹੋਵੇਗਾ, ਸਗੋਂ ਆਧੁਨਿਕ ਮੈਡੀਕਲ ਤਕਨਾਲੋਜੀ ਦੇ ਖੇਤਰ ਵਿੱਚ ਵੀ ਪੰਜਾਬ ਦੀ ਵੱਖਰੀ ਪਛਾਣ ਬਣੇਗੀ।
ਇਸ ਮੌਕੇ ਸਿਵਲ ਸਰਜਨ ਡਾ: ਸ਼ੈਲੀ ਜੇਤਲੀ ਨੇ ਕਿਹਾ ਕਿ ਰੋਬੋਟਿਕ ਸਹਾਇਤਾ ਪ੍ਰਾਪਤ ਸਰਜਰੀ ਤਕਨੀਕ ਸਿਹਤ ਖੇਤਰ ਵਿਚ ਇਕ ਨਵਾਂ ਅਧਿਆਏ ਸਾਬਤ ਹੋਵੇਗੀ | ਉਨ੍ਹਾਂ ਕਿਹਾ ਕਿ ਇਸ ਨਾਲ ਮਰੀਜ਼ਾਂ ਨੂੰ ਸੁਰੱਖਿਅਤ, ਭਰੋਸੇਮੰਦ ਅਤੇ ਉੱਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਮੁਹੱਈਆ ਹੋਣਗੀਆਂ।
ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ, ਡਾਕਟਰਾਂ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ। ਹਾਜ਼ਰ ਮਹਿਮਾਨਾਂ ਨੇ ਇਸ ਉਪਰਾਲੇ ਨੂੰ ਪੰਜਾਬ ਦੀਆਂ ਸਿਹਤ ਸੇਵਾਵਾਂ ਵਿੱਚ ਇੱਕ ਇਤਿਹਾਸਕ ਅਤੇ ਮੀਲ ਪੱਥਰ ਕਦਮ ਕਰਾਰ ਦਿੰਦਿਆਂ ਕਿਹਾ ਕਿ ਅਜਿਹੀਆਂ ਆਧੁਨਿਕ ਸਹੂਲਤਾਂ ਨਾਲ ਲੋਕਾਂ ਦਾ ਇਲਾਜ ਵਧੇਰੇ ਕਾਰਗਰ ਅਤੇ ਸੁਚਾਰੂ ਹੋ ਜਾਵੇਗਾ।
