ਪਟਿਆਲਾ ਨਿਊਜ਼ : ਸਵਰਗ ਧਾਮ ਰਾਜਪੁਰਾ ਵਿਖੇ ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਯੋਗਾ ਕੈਂਪ ਲਗਾਇਆ ਗਿਆ
ਪਟਿਆਲਾ, 3 ਫਰਵਰੀ:
ਮੁੱਖ ਮੰਤਰੀ ਸ਼੍ਰੀ. ਭਗਵੰਤ ਸਿੰਘ ਮਾਨ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ: ਬਲਜੀਤ ਕੌਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਬਜੁਰਗਾਂ ਦੀ ਭਲਾਈ, ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਪਰਉਪਕਾਰੀ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸੀਨੀਅਰ ਸਿਟੀਜ਼ਨ ਸਟੇਟ ਐਕਸ਼ਨ ਪਲਾਨ 2025-26 ”ਸਾਡਾ ਬਜ਼ੁਰਗ ਸਾਡਾ ਮਾਣ” ਤਹਿਤ ਸਵਰਗ ਧਾਮ, ਇਸਲਾਮਪੁਰ ਰੋਡ, ਰਾਜਪੁਰਾ ਵਿਖੇ ਵਿਸ਼ੇਸ਼ ਯੋਗਾ ਕੈਂਪ ਲਗਾਇਆ ਗਿਆ। ਇਸ ਯੋਗਾ ਕੈਂਪ ਵਿੱਚ ਐਸ.ਡੀ.ਐਮ ਰਾਜਪੁਰਾ ਨਮਨ ਮਾਰਕਨ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ ਨੇ ਕਿਹਾ ਕਿ ਯੋਗਾ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਅਤੇ ਹਰ ਬਜ਼ੁਰਗ ਨੂੰ ਇਸ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ।
ਕੈਂਪ ਦੌਰਾਨ ਤਜਰਬੇਕਾਰ ਯੋਗਾ ਮਾਹਿਰਾਂ ਨੇ ਬਜ਼ੁਰਗਾਂ ਲਈ ਸੁਰੱਖਿਅਤ ਅਤੇ ਲਾਭਦਾਇਕ ਆਸਣ, ਪ੍ਰਾਣਾਯਾਮ ਅਤੇ ਮੈਡੀਟੇਸ਼ਨ ਕਰਵਾਏ। ਇਸ ਮੌਕੇ ਵੱਡੀ ਗਿਣਤੀ ਵਿੱਚ ਬਜ਼ੁਰਗਾਂ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਅਤੇ ਪੰਜਾਬ ਸਰਕਾਰ ਦੇ ਇਸ ਸ਼ਲਾਘਾਯੋਗ ਉਪਰਾਲੇ ਦੀ ਸ਼ਲਾਘਾ ਕੀਤੀ।
