ਪਟਿਆਲਾ ਨਿਊਜ਼ : ਵਿਸ਼ਵ ਆਇਓਡੀਨ ਦਿਵਸ ਮੌਕੇ ਸਿਹਤ ਮੰਤਰੀ ਨੇ ਲੋਕਾਂ ਨੂੰ ਕੀਤਾ ਜਾਗਰੂਕ
ਬਲਬੀਰ ਸਿੰਘ ਵੱਲੋਂ ਆਇਓਡੀਨ ਯੁਕਤ ਲੂਣ ਦੀ ਵਰਤੋਂ ‘ਤੇ ਜ਼ੋਰ ਦਿੰਦਿਆਂ ਸਿਹਤ ਮੰਤਰੀ ਡਾ
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਮਹਾਂਵੀਰ ਧਰਮਸ਼ਾਲਾ, ਤ੍ਰਿਪੜੀ, ਪਟਿਆਲਾ ਵਿਖੇ ਵਿਸ਼ਵ ਆਇਓਡੀਨ ਦੀ ਘਾਟ ਸੰਬੰਧੀ ਵਿਗਾੜ ਰੋਕਥਾਮ ਦਿਵਸ ਮਨਾਇਆ ਗਿਆ। ਇਸ ਮੌਕੇ ਲੋਕਾਂ ਨੂੰ ਆਇਓਡੀਨ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਅਤੇ ਇਸ ਦੀ ਕਮੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ | ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਮਾਨਯੋਗ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਕਿਹਾ ਕਿ ਆਮ ਲੋਕਾਂ ਦੀ ਚੰਗੀ ਸਿਹਤ ਸਾਡੇ ਲਈ ਬਹੁਤ ਮਹੱਤਵ ਰੱਖਦੀ ਹੈ ਅਤੇ ਪੰਜਾਬ ਨੂੰ ਸਿਹਤਮੰਦ ਅਤੇ ਰੰਗਲਾ ਪੰਜਾਬ ਬਣਾਉਣਾ ਸਾਡਾ ਮੁੱਖ ਉਦੇਸ਼ ਹੈ ਜਿਸ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਲਗਾਤਾਰ ਅਣਥੱਕ ਮਿਹਨਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦਿਨ ਦਾ ਮੁੱਖ ਮੰਤਵ ਲੋਕਾਂ ਨੂੰ ਇਹ ਸੰਦੇਸ਼ ਦੇਣਾ ਹੈ ਕਿ ਮਾਂ ਦੀ ਸਿਹਤ, ਬੱਚਿਆਂ ਦੇ ਬਿਹਤਰ ਵਿਕਾਸ ਅਤੇ ਸਮੁੱਚੇ ਸਮਾਜ ਦੀ ਤੰਦਰੁਸਤੀ ਲਈ ਆਇਓਡੀਨ ਦੀ ਲੋੜੀਂਦੀ ਮਾਤਰਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਆਇਓਡੀਨ ਮਨੁੱਖੀ ਸਰੀਰ ਲਈ ਅਤਿ ਜ਼ਰੂਰੀ ਸੂਖਮ ਪੌਸ਼ਟਿਕ ਤੱਤ ਹੈ। ਇਹ ਥਾਇਰਾਇਡ ਹਾਰਮੋਨਸ ਦੇ ਉਤਪਾਦਨ ਲਈ ਜ਼ਰੂਰੀ ਹੈ, ਜੋ ਕਿ ਬੱਚਿਆਂ ਵਿੱਚ ਸਰੀਰ ਦੇ ਮੈਟਾਬੋਲਿਜ਼ਮ, ਸਰੀਰਕ ਵਿਕਾਸ ਅਤੇ ਦਿਮਾਗ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਆਇਓਡੀਨ ਦੀ ਘਾਟ ਗੌਇਟਰ, ਥਾਇਰਾਇਡ ਦੀ ਬਿਮਾਰੀ ਦਾ ਕਾਰਨ ਬਣ ਸਕਦੀ ਹੈ ਅਤੇ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ‘ਤੇ ਮਾੜਾ ਪ੍ਰਭਾਵ ਪਾ ਸਕਦੀ ਹੈ। ਇਸਦਾ ਉਦੇਸ਼ ਹਰ ਪਰਿਵਾਰ ਤੱਕ ਆਇਓਡੀਨ ਯੁਕਤ ਲੂਣ ਦੀ ਪਹੁੰਚ ਨੂੰ ਯਕੀਨੀ ਬਣਾਉਣਾ ਹੈ। ਘਰੇਲੂ ਵਰਤੋਂ ਲਈ ਲੂਣ ਦੀ ਆਇਓਡੀਨ ਸਮੱਗਰੀ ਘੱਟੋ-ਘੱਟ 15 ਹਿੱਸੇ ਪ੍ਰਤੀ ਮਿਲੀਅਨ ਹੋਣੀ ਚਾਹੀਦੀ ਹੈ। ਰੋਜ਼ਾਨਾ ਖੁਰਾਕ ਵਿੱਚ ਆਇਓਡੀਨ ਯੁਕਤ ਲੂਣ ਦੀ ਲੋੜੀਂਦੀ ਮਾਤਰਾ ਵਿੱਚ ਵਰਤੋਂ ਕਰਨਾ ਆਇਓਡੀਨ ਦੀ ਘਾਟ ਕਾਰਨ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਦਾ ਇੱਕ ਆਸਾਨ ਅਤੇ ਕਿਫ਼ਾਇਤੀ ਤਰੀਕਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਸਟੇਟ ਪ੍ਰੋਗਰਾਮ ਅਫ਼ਸਰ ਡਾ: ਵਸੁਧਾ ਨੇ ਕਿਹਾ ਕਿ ਗਰਭ ਅਵਸਥਾ ਦੌਰਾਨ ਆਇਓਡੀਨ ਦੀ ਕਮੀ ਗਰਭ ਵਿੱਚ ਪਲ ਰਹੇ ਬੱਚੇ ਦੇ ਦਿਮਾਗ਼ ਅਤੇ ਨਰਵਸ ਸਿਸਟਮ ਦੇ ਵਿਕਾਸ ‘ਤੇ ਮਾੜਾ ਪ੍ਰਭਾਵ ਪਾ ਸਕਦੀ ਹੈ। ਬੱਚਿਆਂ ਵਿੱਚ ਇਸ ਦੀ ਕਮੀ ਸਿੱਖਣ ਦੀ ਸਮਰੱਥਾ, ਬੌਧਿਕ ਵਿਕਾਸ ਅਤੇ ਸਰੀਰਕ ਵਿਕਾਸ ਨੂੰ ਪ੍ਰਭਾਵਿਤ ਕਰ ਸਕਦੀ ਹੈ। ਬਾਲਗਾਂ ਵਿੱਚ, ਇਹ ਥਾਇਰਾਇਡ ਦੀਆਂ ਸਮੱਸਿਆਵਾਂ ਅਤੇ ਗੌਇਟਰ ਦਾ ਕਾਰਨ ਬਣ ਸਕਦਾ ਹੈ।
ਇਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ, ਆਇਓਡੀਨ ਵਾਲੇ ਲੂਣ ਦੀ ਗੁਣਵੱਤਾ ਦੀ ਜਾਂਚ ਕਰਨਾ ਅਤੇ ਸਿਹਤ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰ ਵਿੱਚ ਆਇਓਡੀਨ ਯੁਕਤ ਲੂਣ ਦੀ ਵਰਤੋਂ ਕਰਨ, ਇਸਨੂੰ ਸੁੱਕੇ ਅਤੇ ਢੱਕਣ ਵਾਲੇ ਡੱਬੇ ਵਿੱਚ ਰੱਖਣ ਅਤੇ ਲੂਣ ਦੀ ਸੀਮਤ ਮਾਤਰਾ ਵਿੱਚ ਵਰਤੋਂ ਕਰਨ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਨੇ ਨਮਕ ਵਿੱਚ ਆਇਓਡੀਨ ਦੀ ਜਾਂਚ ਕਰਨ ਲਈ ਗਰਭਵਤੀ ਔਰਤਾਂ ਦੇ ਘਰਾਂ ਤੋਂ ਨਮਕ ਦੇ ਸੈਂਪਲ ਵੀ ਲਏ। ਇਸ ਮੌਕੇ ਸਿਵਲ ਸਰਜਨ ਪਟਿਆਲਾ ਡਾ: ਸੈਲੀ ਜੇਤਲੀ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਆਇਓਡੀਨ ਦੀ ਮਹੱਤਤਾ ਅਤੇ ਵਰਤੋਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਮੈਡੀਕਲ ਸੁਪਰਡੈਂਟ ਡਾ: ਵਿਕਾਸ ਗੋਇਲ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ: ਕੁਸ਼ਲਦੀਪ ਕੌਰ, ਏਐਚਓ ਡਾ: ਇੰਦਰਪ੍ਰੀਤ ਰੰਧਾਵਾ, ਸਟੇਟ ਟੈਕਨੀਕਲ ਅਫ਼ਸਰ ਡਾ: ਪਵਨਦੀਪ ਕੌਰ, ਐਸ.ਐਮ.ਓ ਡਾ: ਪੁਨੀਤ ਕੌਰ, ਡਾ: ਨਿਧੀ, ਡਾ: ਨੰਦਿਨੀ, ਡਾ: ਅਨੂਦੀਪ ਕੌਰ, ਜ਼ਿਲ੍ਹਾ ਮਾਸ ਮੀਡੀਆ ਟੀਮ ਅਤੇ ਹੋਰ ਹਾਜ਼ਰ ਸਨ |
