ਪਟਿਆਲਾ ਨਿਊਜ਼ : ਵਾਰਡ 60 ਧਾਮੋਮਾਜਰਾ ਤੋਂ ਅਜੀਤਪਾਲ ਸਿੰਘ ਕੋਹਲੀ ਵੱਲੋਂ ਤੀਰਥ ਯਾਤਰਾ ਬੱਸ ਰਵਾਨਾ
*ਪੰਜਾਬ ਸਰਕਾਰ ਦੀ ਤੀਰਥ ਯਾਤਰਾ ਯੋਜਨਾ ਲੋਕਾਂ ਨੂੰ ਲਾਭ ਪਹੁੰਚਾ ਰਹੀ ਹੈ: ਕੋਹਲੀ*
ਪਟਿਆਲਾ, 20 ਮਾਰਚ:
ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਲਗਾਤਾਰ ਵਚਨਬੱਧ ਹੈ ਅਤੇ ਵੱਖ-ਵੱਖ ਭਲਾਈ ਸਕੀਮਾਂ ਰਾਹੀਂ ਹਰ ਵਰਗ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਹ ਪ੍ਰਗਟਾਵਾ ਅੱਜ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਵਾਰਡ ਨੰਬਰ 60 ਧਾਮੋਮਾਜਰਾ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸਵਾਰੀਆਂ ਨਾਲ ਭਰੀ ਬੱਸ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਕੀਤਾ।
ਵਿਧਾਇਕ ਨੇ ਦੱਸਿਆ ਕਿ ਇਹ ਬੱਸ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਅੰਮ੍ਰਿਤਸਰ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਹਰ ਨਾਗਰਿਕ ਨੂੰ ਸਹੂਲਤਾਂ ਪ੍ਰਦਾਨ ਕਰਨਾ ਹੈ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਵਿਅਕਤੀ ਆਪਣੀਆਂ ਧਾਰਮਿਕ ਭਾਵਨਾਵਾਂ ਦੀ ਪੂਰਤੀ ਤੋਂ ਵਾਂਝਾ ਨਾ ਰਹੇ।
ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਇਸ ਦਿਸ਼ਾ ‘ਚ ਇਕ ਵਿਸ਼ੇਸ਼ ਅਤੇ ਸ਼ਲਾਘਾਯੋਗ ਉਪਰਾਲਾ ਹੈ, ਜਿਸ ਨਾਲ ਆਮ ਲੋਕਾਂ ਖਾਸ ਕਰਕੇ ਬਜ਼ੁਰਗਾਂ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰੀ ਮੌਕਾ ਮਿਲ ਰਿਹਾ ਹੈ | ਉਨ੍ਹਾਂ ਅੱਗੇ ਦੱਸਿਆ ਕਿ ਇਸ ਸਕੀਮ ਤਹਿਤ ਯਾਤਰੀਆਂ ਲਈ ਆਵਾਜਾਈ, ਰਿਹਾਇਸ਼ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਉਹ ਬਿਨਾਂ ਕਿਸੇ ਚਿੰਤਾ ਦੇ ਆਪਣੀ ਯਾਤਰਾ ਦਾ ਆਨੰਦ ਲੈ ਸਕਣ। ਉਨ੍ਹਾਂ ਯਾਤਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਜ਼ਰੂਰਤਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਵੀ ਅਜਿਹੀਆਂ ਸਕੀਮਾਂ ਨੂੰ ਅੱਗੇ ਵਧਾਇਆ ਜਾਵੇਗਾ।
ਇਸ ਸਮਾਗਮ ਵਿੱਚ ਵਾਰਡ ਨੰ: 60 ਦੇ ਇੰਚਾਰਜ ਰੁਪਿੰਦਰ ਸਿੰਘ (ਕੋਚ) ਦੀ ਵਿਸ਼ੇਸ਼ ਹਾਜ਼ਰੀ ਸੀ। ਉਨ੍ਹਾਂ ਸ਼ਰਧਾਲੂਆਂ ਨੂੰ ਵੀ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਇਹ ਸਕੀਮ ਲੋਕਾਂ ਵਿੱਚ ਵਿਸ਼ਵਾਸ ਅਤੇ ਧਾਰਮਿਕ ਸਦਭਾਵਨਾ ਨੂੰ ਮਜ਼ਬੂਤ ਕਰਦੀ ਹੈ।
ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਸਕੀਮਾਂ ਨਾਲ ਨਾ ਸਿਰਫ਼ ਲੋਕਾਂ ਨੂੰ ਸਹੂਲਤ ਮਿਲਦੀ ਹੈ, ਸਗੋਂ ਸਮਾਜ ਵਿੱਚ ਖੁਸ਼ੀ ਦਾ ਮਾਹੌਲ ਵੀ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਜਿਹੀਆਂ ਸਹੂਲਤਾਂ ਕੁਝ ਕੁ ਲੋਕਾਂ ਤੱਕ ਹੀ ਸੀਮਤ ਸਨ ਪਰ ਹੁਣ ਹਰ ਵਰਗ ਇਸ ਦਾ ਲਾਭ ਲੈ ਰਿਹਾ ਹੈ।
