ਪਟਿਆਲਾ ਨਿਊਜ਼ : ਮਰਦਮਸ਼ੁਮਾਰੀ ਦਾ ਦੂਜਾ ਮੁੱਖ ਪੜਾਅ 01 ਦਸੰਬਰ ਤੋਂ 04 ਜਨਵਰੀ 2027 ਤੱਕ ਚੱਲੇਗਾ।
– ਜਨਸੰਖਿਆ ਗਣਨਾ ਲਈ ਫੀਲਡ ਟ੍ਰੇਨਰਾਂ ਦੇ ਦੂਜੇ ਬੈਚ ਦੀ ਸਿਖਲਾਈ ਸਫਲਤਾਪੂਰਵਕ ਪੂਰੀ ਹੋਈ
ਪਟਿਆਲਾ ਜ਼ਿਲ੍ਹੇ ਵਿੱਚ ਮਰਦਮਸ਼ੁਮਾਰੀ-2027 (ਜਨਸੰਖਿਆ ਗਣਨਾ) ਦੇ ਦੂਜੇ ਪੜਾਅ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਫੀਲਡ ਟ੍ਰੇਨਰਾਂ ਦੇ ਪਹਿਲੇ ਬੈਚ ਦੀ 3 ਰੋਜ਼ਾ ਸਿਖਲਾਈ ਵਰਕਸ਼ਾਪ ਅੱਜ ਸਫਲਤਾਪੂਰਵਕ ਮੁਕੰਮਲ ਹੋ ਗਈ ਹੈ। ਇਹ ਵਰਕਸ਼ਾਪ ਨਗਰ ਨਿਗਮ ਦੇ ਦਫ਼ਤਰ ਵਿਖੇ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਂਸਿੰਗ ਅਫ਼ਸਰ, ਪਟਿਆਲਾ ਡਾ ਹਿਮਾਂਸ਼ੂ ਅਗਰਵਾਲ ਅਤੇ ਕਮਿਸ਼ਨਰ ਨਗਰ ਨਿਗਮ ਪੂਜਾ ਸਿਆਲ ਗਰੇਵਾਲ ਦੀ ਅਗਵਾਈ ਹੇਠ ਕਰਵਾਈ ਗਈ। ਸੈਂਸਿੰਗ ਨੋਡਲ ਅਫ਼ਸਰ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਕਮ ਜ਼ਿਲ੍ਹਾ ਸੈਂਸਿੰਗ ਅਫ਼ਸਰ ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਸੈਂਸਿੰਗ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਟਿਆਲਾ ਜ਼ਿਲ੍ਹੇ ਵਿੱਚ ਕੁੱਲ 72 ਫੀਲਡ ਟ੍ਰੇਨਰ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 58 ਫੀਲਡ ਟ੍ਰੇਨਰ ਡਿਪਟੀ ਕਮਿਸ਼ਨਰ ਵੱਲੋਂ ਅਤੇ 14 ਫੀਲਡ ਟ੍ਰੇਨਰਾਂ ਨੂੰ ਕਮਿਸ਼ਨਰ ਨਗਰ ਨਿਗਮ ਵੱਲੋਂ ਤਾਇਨਾਤ ਕੀਤਾ ਗਿਆ ਹੈ। ਸਿਖਲਾਈ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਫੀਲਡ ਟ੍ਰੇਨਰਾਂ ਨੂੰ 36-36 ਦੇ ਦੋ ਬੈਚਾਂ ਵਿੱਚ ਵੰਡਿਆ ਗਿਆ ਹੈ। ਜਿਸ ਵਿੱਚੋਂ ਦੂਜੇ ਬੈਚ ਦੀ 3 ਦਿਨਾਂ ਸਿਖਲਾਈ ਅੱਜ (28 ਸਤੰਬਰ ਤੋਂ 30 ਸਤੰਬਰ) ਸਫਲਤਾਪੂਰਵਕ ਸਮਾਪਤ ਹੋ ਗਈ ਹੈ।
ਇਸ ਵਰਕਸ਼ਾਪ ਦੌਰਾਨ ਮਰਦਮਸ਼ੁਮਾਰੀ ਵਿਭਾਗ ਦੇ ਮਾਸਟਰ ਟ੍ਰੇਨਰ ਨਿਸ਼ੂ ਸ਼ਰਮਾ (ਸੀਨੀਅਰ ਸਿਸਟਮ ਐਨਾਲਿਸਟ, ਪੰਜਾਬੀ ਯੂਨੀਵਰਸਿਟੀ), ਦੌਲਤ ਰਾਮ (ਲੈਕਚਰਾਰ, ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਘਨੌਰ) ਅਤੇ ਅਮਨ ਕੁਮਾਰ (ਜ਼ਿਲ੍ਹਾ ਕੋਆਰਡੀਨੇਟਰ, ਮਰਦਮਸ਼ੁਮਾਰੀ ਆਪ੍ਰੇਸ਼ਨ ਵਿਭਾਗ ਪੰਜਾਬ, ਚੰਡੀਗੜ੍ਹ) ਨੇ ਫੀਲਡ ਟ੍ਰੇਨਰਾਂ ਨੂੰ ਆਬਾਦੀ ਦੀ ਮਰਦਮਸ਼ੁਮਾਰੀ, ਪ੍ਰੈਕਟੀਕਲ ਡੈਮੋ ਅਤੇ ਫੀਲਡ ਟੀਮਾਂ ਨਾਲ ਸਬੰਧਤ ਮਹੱਤਵਪੂਰਨ ਵਿਸ਼ਿਆਂ ‘ਤੇ ਵਿਸਥਾਰਪੂਰਵਕ ਸਿਖਲਾਈ ਦਿੱਤੀ। ਇਹ ਫੀਲਡ ਟ੍ਰੇਨਰ ਹੁਣ ਤਹਿਸੀਲ ਅਤੇ ਚਾਰਜ ਪੱਧਰ ‘ਤੇ ਸੁਪਰਵਾਈਜ਼ਰਾਂ ਅਤੇ ਗਿਣਤੀਕਾਰਾਂ ਨੂੰ ਹੋਰ ਸਿਖਲਾਈ ਦੇਣਗੇ।
ਇਸ ਤੋਂ ਬਾਅਦ ਮਰਦਮਸ਼ੁਮਾਰੀ ਦਾ ਦੂਜਾ ਮੁੱਖ ਪੜਾਅ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਚੱਲੇਗਾ, ਜਿਸ ਵਿਚ ਸਰਕਾਰੀ ਗਣਨਾ ਕਰਨ ਵਾਲੇ ਘਰ-ਘਰ ਜਾ ਕੇ ਆਬਾਦੀ ਦੀ ਗਿਣਤੀ ਪੂਰੀ ਕਰਨਗੇ।
ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਰਾਸ਼ਟਰੀ ਕੰਮ ਵਿੱਚ ਆਪਣਾ ਪੂਰਾ ਸਹਿਯੋਗ ਦੇਣ। ਇਸ ਵਰਕਸ਼ਾਪ ਵਿੱਚ ਉਪ ਆਰਥਿਕ ਅਤੇ ਅੰਕੜਾ ਸਲਾਹਕਾਰ ਜਸਵਿੰਦਰ ਕੌਰ, ਸੁਪਰਡੈਂਟ ਵਿਸ਼ਾਲ ਸਿਆਲ, ਜਨਗਣਨਾ ਸੈੱਲ ਟੀਮ ਨਰਿੰਦਰ ਕੁਮਾਰ, ਜਾਂਚਕਰਤਾ ਬਿਕਰਮਜੀਤ ਸਿੰਘ, ਕੁਲਿੰਦਰਜੀਤ ਸਿੰਘ ਅਤੇ ਹੇਮੰਤ ਕੁਮਾਰ ਸਮੇਤ ਸਾਰੇ ਫੀਲਡ ਟ੍ਰੇਨਰਾਂ ਨੇ ਹਿੱਸਾ ਲਿਆ।
