ਪਟਿਆਲਾ ਨਿਊਜ਼ : ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿਸ਼ੇਸ਼ ਨਿਗਰਾਨ ਨੇ ਸਿਹਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ
ਪਟਿਆਲਾ, 18 ਸਤੰਬਰ (ਏਜੰਸੀ)-ਸਿਵਲ ਸਰਜਨ ਦਫ਼ਤਰ ਪਟਿਆਲਾ ਵਿਖੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿਸ਼ੇਸ਼ ਨਿਗਰਾਨ ਸ੍ਰੀ ਬਾਲ ਕ੍ਰਿਸ਼ਨ ਗੋਇਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ | ਇਸ ਮੌਕੇ ਸਿਵਲ ਸਰਜਨ ਡਾ ਸ਼ੈਲੀ ਜੇਤਲੀ, ਮੈਡੀਕਲ ਸੁਪਰਡੈਂਟ ਡਾ ਵਿਕਾਸ ਗੋਇਲ, ਐਸਐਮਓ (ਐਮਕੇਐਚ) ਡਾ ਸ਼ਬਦੀਪ ਕੌਰ, ਸਾਰੇ ਪ੍ਰੋਗਰਾਮ ਅਫ਼ਸਰ ਅਤੇ ਮੀਡੀਆ ਵਿੰਗ ਦੀ ਟੀਮ ਹਾਜ਼ਰ |
ਮੀਟਿੰਗ ਦੌਰਾਨ ਬਾਲ ਕ੍ਰਿਸ਼ਨ ਗੋਇਲ ਨੇ ਮਾਤਾ ਕੁਸ਼ਾਲਾ ਹਸਪਤਾਲ ਦੀ ਪਾਰਕਿੰਗ ਪ੍ਰਣਾਲੀ ਵਿੱਚ ਸੁਧਾਰ, ਐਮਰਜੈਂਸੀ ਅਤੇ ਓਪੀਡੀ ਖੇਤਰਾਂ ਵਿੱਚ ਵਾਹਨਾਂ ਦੀ ਪਾਰਕਿੰਗ ਨੂੰ ਰੋਕਣ, ਕਰਮਚਾਰੀਆਂ ਲਈ ਵੱਖਰੀ ਪਾਰਕਿੰਗ ਅਤੇ ਪਾਰਕਿੰਗ ਸਲਿੱਪਾਂ ‘ਤੇ ਤਿੰਨ ਘੰਟੇ ਦੀ ਵੈਧਤਾ ਬਾਰੇ ਨਿਰਦੇਸ਼ ਜਾਰੀ ਕੀਤੇ।
ਉਨ੍ਹਾਂ ਨੇ ਹਸਪਤਾਲ ਵਿੱਚ ਸਫ਼ਾਈ, ਪਖਾਨਿਆਂ ਦਾ ਇੰਤਜ਼ਾਮ, ਬਾਇਓਮੈਡੀਕਲ ਰਹਿੰਦ-ਖੂੰਹਦ ਦਾ ਸਹੀ ਨਿਪਟਾਰਾ, ਹਸਪਤਾਲ ਵਿੱਚ ਹੀ ਸੁਝਾਅ ਬਾਕਸ ਦੀ ਹਫਤਾਵਾਰੀ ਜਾਂਚ ਅਤੇ ਮਰੀਜ਼ਾਂ ਨੂੰ ਅਲਟਰਾਸਾਊਂਡ ਸੁਵਿਧਾ ਪ੍ਰਦਾਨ ਕਰਨ ਦੇ ਨਿਰਦੇਸ਼ ਵੀ ਦਿੱਤੇ।
ਇਸ ਮੌਕੇ ਨਰਸਿੰਗ ਸਟਾਫ ਦੀਆਂ ਸਮੱਸਿਆਵਾਂ, ਹਸਪਤਾਲ ਦੇ ਸਟਾਫ ਦੇ ਵੇਰਵੇ, ਸੀਐੱਚਸੀ ਅਤੇ ਐੱਸਡੀਐੱਚ ਹਸਪਤਾਲਾਂ ਦੁਆਰਾ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ‘ਤੇ ਚਰਚਾ ਕੀਤੀ ਗਈ।
