ਪਟਿਆਲਾ ਨਿਊਜ਼: ਪੀ.ਆਰ.ਟੀ.ਸੀ. ਬਰਨਾਲਾ ਡਿਪੂ ਦੇ ਪ੍ਰਬੰਧਕੀ ਬਲਾਕ ਦਾ ਜਲਦ ਹੀ ਨਵੀਨੀਕਰਨ ਕੀਤਾ ਜਾਵੇਗਾ: ਚੇਅਰਮੈਨ ਹਰਪਾਲ ਜੁਨੇਜਾ
ਪਟਿਆਲਾ, ਬਰਨਾਲਾ, 27 ਅਪ੍ਰੈਲ:
ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਅੱਜ ਬਰਨਾਲਾ ਡਿਪੂ ਦੀ ਵਰਕਸ਼ਾਪ ਦਾ ਅਚਨਚੇਤ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਡਿਪੂ ਦੀ ਸਮੁੱਚੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਂਦਿਆਂ ਪ੍ਰਬੰਧਕੀ ਬਲਾਕ ਦੀ ਪੁਰਾਣੀ ਇਮਾਰਤ ਦੀ ਖਸਤਾ ਹਾਲਤ ਨੂੰ ਦੇਖਦਿਆਂ ਇਸ ਦੀ ਤੁਰੰਤ ਮੁਰੰਮਤ ਕਰਨ ਦੇ ਹੁਕਮ ਵੀ ਜਾਰੀ ਕੀਤੇ।
ਚੈਕਿੰਗ ਦੌਰਾਨ ਚੇਅਰਮੈਨ ਜੁਨੇਜਾ ਨੇ ਵਰਕਸ਼ਾਪ ਵਿੱਚ ਨਵੀਆਂ ਬੱਸਾਂ ਦੀ ਆਮਦ ਨਾਲ ਸ਼ੁਰੂ ਹੋਏ ਨਵੇਂ ਰੂਟਾਂ, ਰੋਜ਼ਾਨਾ ਮਾਲੀਆ, ਬੱਸਾਂ ਦੇ ਫਿਊਲ ਔਸਤ ਅਤੇ ਵਰਕਸ਼ਾਪ ਵਿੱਚ ਮੁਰੰਮਤ ਲਈ ਖੜ੍ਹੀਆਂ ਬੱਸਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ। ਵਰਕਸ਼ਾਪ ਦੇ ਪ੍ਰਬੰਧਕੀ ਬਲਾਕ ਵਿੱਚ ਸਫ਼ਾਈ ਅਤੇ ਵਾਸ਼ਰੂਮਾਂ ਦੀ ਮਾੜੀ ਹਾਲਤ ਦਾ ਗੰਭੀਰ ਨੋਟਿਸ ਲੈਂਦਿਆਂ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਾਸ਼ਰੂਮਾਂ ਦੀ ਮੁਰੰਮਤ ਕਰਕੇ ਇੰਟਰਲਾਕਿੰਗ ਟਾਈਲਾਂ ਲਗਾਉਣ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਕੀਤੀ ਜਾਵੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਹਰਪਾਲ ਜੁਨੇਜਾ ਨੇ ਕਿਹਾ ਕਿ ਯਾਤਰੀਆਂ ਨੂੰ ਸੁਵਿਧਾਜਨਕ, ਸੁਰੱਖਿਅਤ ਅਤੇ ਸਮੇਂ ਸਿਰ ਸੇਵਾਵਾਂ ਪ੍ਰਦਾਨ ਕਰਨਾ ਸਾਡੀ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਸਟਾਫ਼ ਨੂੰ ਹਦਾਇਤ ਕੀਤੀ ਕਿ ਲੋਕਾਂ ਵੱਲੋਂ ਮਿਲੀਆਂ ਲਿਖਤੀ ਜਾਂ ਜ਼ੁਬਾਨੀ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਬੱਸਾਂ ਦੇ ਰੱਖ-ਰਖਾਅ ਅਤੇ ਸਫ਼ਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਚੈਕਿੰਗ ਦੌਰਾਨ ਚੇਅਰਮੈਨ ਨੇ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਬੜੇ ਧਿਆਨ ਨਾਲ ਸੁਣਿਆ। ਉਨ੍ਹਾਂ ਭਰੋਸਾ ਦਿਵਾਇਆ ਕਿ ਪੀ.ਆਰ.ਟੀ.ਸੀ. ਦੇ ਕੰਮਕਾਜ ਵਿੱਚ ਸੁਧਾਰ ਲਿਆਉਣ ਲਈ ਭਵਿੱਖ ਵਿੱਚ ਵੀ ਅਜਿਹੀਆਂ ਬੇਤਰਤੀਬ ਚੈਕਿੰਗਾਂ ਜਾਰੀ ਰਹਿਣਗੀਆਂ
ਇਸ ਮੌਕੇ ਜਨਰਲ ਮੈਨੇਜਰ ਪਟਿਆਲਾ ਜਤਿੰਦਰਪਾਲ ਗਰੇਵਾਲ, ਜਨਰਲ ਮੈਨੇਜਰ ਸੰਗਰੂਰ ਮਨਿੰਦਰਪਾਲ ਸਿੰਘ ਸਿੱਧੂ, ਜਨਰਲ ਮੈਨੇਜਰ ਬਰਨਾਲਾ ਰਮਨ ਸ਼ਰਮਾ ਅਤੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ।
