ਪਟਿਆਲਾ ਨਿਊਜ਼ : ਡਾ: ਬਲਬੀਰ ਸਿੰਘ ਨੇ ਰੋਹਟਾ ਸਾਹਿਬ ਅਤੇ ਪਿੰਡ ਲੌਟ ਦੇ ਸਕੂਲਾਂ ਵਿੱਚ ਨਵੀਆਂ ਲੈਬਾਰਟਰੀਆਂ ਦਾ ਉਦਘਾਟਨ ਕੀਤਾ
ਪਿੰਡਾਂ ਦੇ ਸਕੂਲ ਵੀ ਬਣ ਰਹੇ ਹਨ ਸਮਾਰਟ ਸਿੱਖਿਆ ਕੇਂਦਰ – ਡਾ: ਬਲਬੀਰ ਸਿੰਘ
ਭਾਦਸੋਂ/ਲਾਟ, 8 ਮਈ
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਅੱਜ ਪਟਿਆਲਾ ਦਿਹਾਤੀ ਹਲਕੇ ਦੇ ਪਿੰਡ ਰੋਹਟਾ ਸਾਹਿਬ ਅਤੇ ਲਾਟ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲਾਂ ਵਿੱਚ ਨਵੀਂ ਤਕਨੀਕ ਨਾਲ ਲੈਸ ਆਧੁਨਿਕ ਕੰਪਿਊਟਰ ਲੈਬ ਅਤੇ ਸਾਇੰਸ ਲੈਬਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਪਿੰਡਾਂ ਦੇ ਹਰ ਬੱਚੇ ਨੂੰ ਸ਼ਹਿਰੀ ਖੇਤਰ ਦੇ ਬਰਾਬਰ ਮਿਆਰੀ, ਆਧੁਨਿਕ ਅਤੇ ਤਕਨਾਲੋਜੀ ਆਧਾਰਿਤ ਸਿੱਖਿਆ ਮੁਹੱਈਆ ਕਰਵਾਉਣਾ ਹੈ।
ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਪ੍ਰਣਾਲੀ ਨੂੰ ਨਵੀਂ ਦਿਸ਼ਾ ਦੇਣ ਲਈ ਲਗਾਤਾਰ ਯਤਨਸ਼ੀਲ ਹੈ। ਸਰਕਾਰੀ ਸਕੂਲਾਂ ਨੂੰ ਸਮਾਰਟ ਕਲਾਸਰੂਮ, ਕੰਪਿਊਟਰ ਲੈਬਾਰਟਰੀਆਂ ਅਤੇ ਵਿਗਿਆਨਕ ਉਪਕਰਨਾਂ ਨਾਲ ਲੈਸ ਕੀਤਾ ਜਾ ਰਿਹਾ ਹੈ, ਤਾਂ ਜੋ ਵਿਦਿਆਰਥੀਆਂ ਨੂੰ ਵਿਹਾਰਕ ਗਿਆਨ ਅਤੇ ਡਿਜੀਟਲ ਯੁੱਗ ਦੀਆਂ ਲੋੜਾਂ ਨਾਲ ਲੈਸ ਕੀਤਾ ਜਾ ਸਕੇ।
ਸਿਹਤ ਮੰਤਰੀ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਿਰਫ਼ ਕਿਤਾਬੀ ਸਿੱਖਿਆ ਹੀ ਕਾਫ਼ੀ ਨਹੀਂ ਹੈ ਸਗੋਂ ਵਿਗਿਆਨਕ ਸੋਚ, ਤਕਨਾਲੋਜੀ ਦੀ ਸਮਝ ਅਤੇ ਹੁਨਰਮੰਦ ਸਿੱਖਿਆ ਦੀ ਬਹੁਤ ਲੋੜ ਹੈ। ਇਹ ਨਵੀਆਂ ਲੈਬਾਂ ਵਿਦਿਆਰਥੀਆਂ ਨੂੰ ਹੱਥੀਂ ਸਿੱਖਣ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ ਅਤੇ ਉਨ੍ਹਾਂ ਦੇ ਭਵਿੱਖ ਨੂੰ ਮਜ਼ਬੂਤ ਬਣਾਉਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਦਾ ਸੁਪਨਾ ਹੈ ਕਿ ਕੋਈ ਵੀ ਬੱਚਾ ਸਿਰਫ਼ ਇਸ ਲਈ ਪਿੱਛੇ ਨਾ ਰਹਿ ਜਾਵੇ ਕਿਉਂਕਿ ਉਹ ਪਿੰਡ ਵਿੱਚ ਰਹਿੰਦਾ ਹੈ। ਹਰ ਬੱਚੇ ਨੂੰ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ। ਇਸ ਲਈ ਸਿੱਖਿਆ ਖੇਤਰ ਵਿੱਚ ਵੱਡੇ ਪੱਧਰ ’ਤੇ ਸੁਧਾਰ ਕੀਤੇ ਜਾ ਰਹੇ ਹਨ।
ਇਸ ਮੌਕੇ ਸਥਾਨਕ ਪਿੰਡ ਵਾਸੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਸਹੂਲਤਾਂ ਨਾਲ ਪਿੰਡਾਂ ਦੇ ਬੱਚਿਆਂ ਲਈ ਨਵੇਂ ਮੌਕੇ ਪੈਦਾ ਹੋਣਗੇ। ਬਲਬੀਰ ਸਿੰਘ ਨੇ ਭਰੋਸਾ ਦਿੱਤਾ ਕਿ ਪੰਜਾਬ ਦੇ ਹਰ ਸਰਕਾਰੀ ਸਕੂਲ ਨੂੰ ਆਧੁਨਿਕ ਸਿੱਖਿਆ ਕੇਂਦਰ ਬਣਾਉਣ ਦਾ ਕੰਮ ਤੇਜ਼ੀ ਨਾਲ ਜਾਰੀ ਰਹੇਗਾ।
ਇਸ ਮੌਕੇ ਡੀਈਓ ਸੰਜੀਵ ਕੁਮਾਰ, ਸ਼ਾਲੂ ਮਹਿਰਾ ਤੋਂ ਇਲਾਵਾ ਸਕੂਲ ਦੇ ਪ੍ਰਿੰਸੀਪਲ ਅਤੇ ਵਿਦਿਆਰਥੀ, ਪੰਚ ਸਰਪੰਚ ਅਤੇ ਪਿੰਡ ਵਾਸੀ ਹਾਜ਼ਰ ਸਨ।
