ਪਟਿਆਲਾ ਨਿਊਜ਼ : ਅਗਾਂਹਵਧੂ ਵਿਦਿਆਰਥੀਆਂ ਲਈ ਜੈਪੁਰ ਦਾ ਵਿੱਦਿਅਕ ਟੂਰ ਸਫਲਤਾਪੂਰਵਕ ਸੰਪੰਨ ਹੋਇਆ
ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਇਹ ਵਿਸ਼ੇਸ਼ ਉਪਰਾਲਾ ਲਾਹੇਵੰਦ ਹੋਵੇਗਾ: ਸੰਜੀਵ ਸ਼ਰਮਾ, ਡੀ.ਈ.ਓ ਸੈਕੰਡਰੀ ਸਿੱਖਿਆ ਪਟਿਆਲਾ।
ਜ਼ਿਲ੍ਹਾ ਪਟਿਆਲਾ ਦੇ ਅਗਾਂਹਵਧੂ ਵਿਦਿਆਰਥੀਆਂ ਨੂੰ ਭਾਰਤ ਦੇ ਇਤਿਹਾਸ, ਵਿਗਿਆਨ ਅਤੇ ਰਾਜਸਥਾਨੀ ਸੱਭਿਆਚਾਰ ਨਾਲ ਰੂ-ਬ-ਰੂ ਕਰਵਾਇਆ ਗਿਆ: ਡਾ: ਰਵਿੰਦਰਪਾਲ ਸਿੰਘ ਡਿਪਟੀ ਡੀ.ਈ.ਓ.
ਪਟਿਆਲਾ, 16 ਫਰਵਰੀ:
ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਵਿਹਾਰਕ ਗਿਆਨ ਵਿੱਚ ਵਾਧਾ ਕਰਨ ਦੇ ਉਦੇਸ਼ ਨਾਲ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਅਤੇ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਡਾ: ਕਿਰਨ ਸ਼ਰਮਾ ਦੀ ਅਗਵਾਈ ਹੇਠ ਰਾਸ਼ਟਰੀ ਅਵਿਸ਼ਕਾਰ ਅਭਿਆਨ ਪ੍ਰੋਗਰਾਮ ਤਹਿਤ ਜ਼ਿਲ੍ਹਾ ਪਟਿਆਲਾ ਦੇ ਵੱਖ-ਵੱਖ ਬਲਾਕਾਂ ਦੇ ਗਿਆਰਵੀਂ ਜਮਾਤ ਦੇ ਅਗਾਂਹਵਧੂ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਸਫ਼ਲਤਾਪੂਰਵਕ ਸੰਪੰਨ ਕੀਤਾ ਗਿਆ। ਇਸ ਦੌਰੇ ਦੌਰਾਨ ਜ਼ਿਲ੍ਹਾ ਪਟਿਆਲਾ ਦੇ ਵੱਖ-ਵੱਖ ਸਕੂਲਾਂ ਵਿੱਚੋਂ ਚੁਣੇ ਗਏ 48 ਵਿਦਿਆਰਥੀਆਂ ਨੂੰ ਰਾਜਸਥਾਨ ਦੇ ਇਤਿਹਾਸਕ, ਵਿਗਿਆਨਕ ਅਤੇ ਸੱਭਿਆਚਾਰਕ ਵਿਰਸੇ ਤੋਂ ਜਾਣੂ ਕਰਵਾਇਆ ਗਿਆ।
ਇਸ ਮੌਕੇ ਡੀਈਓ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਨੇ ਕਿਹਾ ਕਿ ਆਸ ਹੈ ਕਿ ਇਹ ਵਿਦਿਅਕ ਟੂਰ ਕਲਾਸ ਰੂਮ ਤੋਂ ਬਾਹਰ ਸਿੱਖਣ ਦੇ ਮੌਕੇ ਪ੍ਰਦਾਨ ਕਰੇਗਾ ਜਿਸ ਨਾਲ ਵਿਦਿਆਰਥੀਆਂ ਵਿੱਚ ਇਤਿਹਾਸਕ ਚੇਤਨਾ, ਵਿਗਿਆਨਕ ਸੋਚ ਅਤੇ ਰਾਸ਼ਟਰੀ ਵਿਰਸੇ ਪ੍ਰਤੀ ਸਤਿਕਾਰ ਪੈਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਵਿਸ਼ੇਸ਼ ਉਪਰਾਲਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ।
ਡਿਪਟੀ ਡੀਈਓ ਸੈਕੰਡਰੀ ਸਿੱਖਿਆ ਪਟਿਆਲਾ ਡਾ: ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਟੂਰ ਦੌਰਾਨ ਵਿਦਿਆਰਥੀਆਂ ਦੀ ਰਿਹਾਇਸ਼, ਖਾਣ-ਪੀਣ ਅਤੇ ਆਵਾਜਾਈ ਦੇ ਵਧੀਆ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਇਤਿਹਾਸਕ ਸਥਾਨਾਂ ਦੇ ਦਰਸ਼ਨ ਹੀ ਨਹੀਂ ਕਰਵਾਏ ਗਏ, ਸਗੋਂ ਉਨ੍ਹਾਂ ਨੂੰ ਵਿਗਿਆਨਕ ਅਤੇ ਆਧੁਨਿਕ ਵਿਕਾਸ ਨਾਲ ਵੀ ਰੂ-ਬ-ਰੂ ਕਰਵਾਇਆ ਗਿਆ, ਤਾਂ ਜੋ ਉਹ ਪਾਠਕ੍ਰਮ ਤੋਂ ਇਲਾਵਾ ਜ਼ਿੰਦਗੀ ਦੇ ਅਸਲ ਅਨੁਭਵ ਵੀ ਹਾਸਲ ਕਰ ਸਕਣ।
ਜੈਪੁਰ ਦੀ ਫੇਰੀ ਦੌਰਾਨ ਵਿਦਿਆਰਥੀਆਂ ਨੇ ਪ੍ਰਸਿੱਧ ਥਾਵਾਂ ਜਿਵੇਂ ਆਮੇਰ ਫੋਰਟ, ਜਲ ਮਹਿਲ, ਵੈਕਸ ਮਿਊਜ਼ੀਅਮ, ਬਿਰਲਾ ਮੰਦਿਰ, ਅਕਸ਼ਰਧਾਮ ਮੰਦਿਰ, ਅਲਬਰਟ ਹਾਲ ਮਿਊਜ਼ੀਅਮ, ਜੰਤਰ ਮੰਤਰ, ਸਿਟੀ ਪੈਲੇਸ, ਹਵਾ ਮਹਿਲ ਦਾ ਵਿਸਥਾਰ ਨਾਲ ਦੌਰਾ ਕੀਤਾ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਸਾਇੰਸ ਪਾਰਕ, ਰਾਜ ਮੰਦਿਰ ਸਿਨੇਮਾ, ਜੈਪੁਰ ਮੈਟਰੋ, ਜੈਪੁਰ ਏਅਰਪੋਰਟ ਅਤੇ ਜੈਪੁਰ ਦੇ ਮਸ਼ਹੂਰ ਬਾਜ਼ਾਰਾਂ ਦਾ ਦੌਰਾ ਵੀ ਕਰਵਾਇਆ ਗਿਆ, ਜਿਸ ਤੋਂ ਉਨ੍ਹਾਂ ਨੂੰ ਆਧੁਨਿਕ ਸ਼ਹਿਰੀ ਵਿਕਾਸ ਅਤੇ ਪ੍ਰਬੰਧਨ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ।
ਵਿਦਿਅਕ ਟੂਰ 11 ਫਰਵਰੀ ਨੂੰ ਪਟਿਆਲਾ ਤੋਂ ਵੇਲਵੋ ਬੱਸ ਰਾਹੀਂ ਰਵਾਨਾ ਹੋਇਆ ਅਤੇ 16 ਫਰਵਰੀ ਨੂੰ ਸੁਰੱਖਿਅਤ ਵਾਪਸੀ ਨਾਲ ਸਮਾਪਤ ਹੋਇਆ। ਟੂਰ ਦੌਰਾਨ ਅਧਿਆਪਕਾਂ ਅਤੇ ਇੰਚਾਰਜ ਸਟਾਫ਼ ਨੇ ਵਿਦਿਆਰਥੀਆਂ ਦੀ ਸੁਰੱਖਿਆ, ਸਿਹਤ ਅਤੇ ਅਨੁਸ਼ਾਸਨ ਵੱਲ ਪੂਰਾ ਧਿਆਨ ਦਿੱਤਾ।
ਟੂਰ ‘ਤੇ ਗਏ ਵਿਦਿਆਰਥੀਆਂ ਨੇ ਇਸ ਟੂਰ ਨੂੰ ਬੇਹੱਦ ਜਾਣਕਾਰੀ ਭਰਪੂਰ ਅਤੇ ਯਾਦਗਾਰੀ ਦੱਸਿਆ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਡਾਇਰੈਕਟਰ ਐਸ.ਸੀ.ਈ.ਆਰ.ਟੀ ਪੰਜਾਬ ਡਾ.ਕਿਰਨ ਸ਼ਰਮਾ, ਡੀ.ਈ.ਓ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ, ਡੀ.ਈ.ਓ ਐਲੀਮੈਂਟਰੀ ਸਿੱਖਿਆ ਪਟਿਆਲਾ ਸ਼ਾਲੂ ਮਹਿਰਾ, ਡਿਪਟੀ ਡੀ.ਈ.ਓ ਡਾ.ਰਵਿੰਦਰਪਾਲ ਸਿੰਘ, ਪਿ੍ੰਸੀਪਲ ਬਲਬੀਰ ਸਿੰਘ, ਰਾਜੀਵ ਕੁਮਾਰ ਡੀ.ਐਸ.ਐਮ. ਪਟਿਆਲਾ-ਕਮ-ਹੈੱਡ ਮਾਸਟਰ ਢੱਕਣਸੂ ਕਲਾਂ, ਬਲਾਕ ਨੋਡਲ ਅਫ਼ਸਰ ਹਰਪ੍ਰੀਤ ਸਿੰਘ ਹੈੱਡ ਮਾਸਟਰ ਸੈਦਖੇੜੀ, ਬਲਾਕ ਨੋਡਲ ਅਫ਼ਸਰ ਸ਼ੈਲੀ ਸ਼ਰਮਾ ਹੈੱਡ ਮਿਸਟ੍ਰੈਸ ਖੇੜੀ ਮੁਸਲਿਮੀਆ, ਜਸਪਾਲ ਸ਼ਰਮਾ ਨੇ ਸਿੱਖਿਆ ਵਿਭਾਗ ਪੰਜਾਬ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਿੱਦਿਅਕ ਟੂਰ ਨੇ ਉਨ੍ਹਾਂ ਦੇ ਆਤਮ ਵਿਸ਼ਵਾਸ, ਸਿੱਖਣ ਪ੍ਰਤੀ ਰੁਚੀ ਅਤੇ ਭਵਿੱਖ ਦੇ ਟੀਚਿਆਂ ਨੂੰ ਨਵੀਂ ਦਿਸ਼ਾ ਦਿੱਤੀ ਹੈ। ਰਜਿੰਦਰ ਸਿੰਘ ਚਾਨੀ ਐਸ.ਐਸ.ਮਾਸਟਰ ਰਾਜਪੁਰਾ ਟਾਊਨ, ਅਮਨਦੀਪ ਕੌਰ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਸਕੂਲ ਆਫ ਐਮੀਨੈਂਸ ਮਰੀਸ਼ਪੁਰ, ਅਮਿਤਾ ਚੁੱਘ ਲੈਕਚਰਾਰ ਬਾਇਓਲੋਜੀ ਸਕੂਲ ਆਫ ਐਮੀਨੈਂਸ ਮਹਿੰਦਰਗੰਜ ਰਾਜਪੁਰਾ ਅਤੇ ਗਾਇਤਰੀ ਗੁਪਤਾ ਲੈਕਚਰਾਰ ਕੈਮਿਸਟਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਦਪੁਰ ਕੇਸ਼ੋ ਨੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ।
