ਪਟਿਆਲਾ ਕਰਾਫਟ ਮੇਲਾ 2026: ਦਰਸ਼ਕਾਂ ਨੇ ਪੰਜਾਬ ਸਖੀ ਸ਼ਕਤੀ ਕਰਾਫਟ ਮੇਲੇ ਵਿੱਚ ਸੈਲਫੀ ਪੁਆਇੰਟਾਂ ‘ਤੇ ਯਾਦਗਾਰੀ ਤਸਵੀਰਾਂ ਖਿੱਚੀਆਂ
– ਨੌਜਵਾਨਾਂ ਦੀ ਸੁਨਹਿਰੀ ਤੇ ਚਾਂਦੀ ਦੀ ਮੂਰਤੀ, ਪੁਰਾਤਨ ਵਿਰਾਸਤ, ਟਰੈਕਟਰ, ਵਿਰਾਸਤੀ ਇਮਾਰਤ ਅਤੇ ਘੁਮਿਆਰ ਦਾ ਚੱਕਰ ਖਿੱਚ ਦਾ ਕੇਂਦਰ ਬਣਿਆ।
ਪਟਿਆਲਾ, 26 ਫਰਵਰੀ:
ਇੱਥੋਂ ਦੇ ਸ਼ੀਸ਼ ਮਹਿਲ ਵਿਖੇ ਚੱਲ ਰਹੇ ਪੰਜਾਬ ਸਖੀ ਸ਼ਕਤੀ ਕਰਾਫਟ ਮੇਲੇ ਦੌਰਾਨ ਵੱਡੀ ਗਿਣਤੀ ਵਿੱਚ ਸੈਲਾਨੀ ਤਸਵੀਰਾਂ ਖਿੱਚਣ ਲਈ ਬਣਾਏ ਗਏ ਸੈਲਫੀ ਪੁਆਇੰਟਾਂ ‘ਤੇ ਆਪਣੀਆਂ ਯਾਦਗਾਰੀ ਫੋਟੋਆਂ ਖਿੱਚ ਰਹੇ ਹਨ। ਸ਼ੀਸ਼ ਮਹਿਲ ਦੀ ਵਿਰਾਸਤੀ ਇਮਾਰਤ ਜਿੱਥੇ ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣ ਰਹੀ ਹੈ, ਉੱਥੇ ਹੀ ਪੁਰਾਣੇ ਸੱਭਿਆਚਾਰ ਅਤੇ ਵਿਰਸੇ ਨੂੰ ਦਰਸਾਉਂਦਾ ਘਰ, ਚਰਖਾ ਕੱਤਦਾ ਸੈਲਫੀ ਸੈਂਟਰ ਅਤੇ ਸਿਰ ‘ਤੇ ਪਾਣੀ ਦਾ ਘੜਾ ਸੈਲਾਨੀਆਂ ਨੂੰ ਆਪਣੇ ਨਾਲ ਫੋਟੋ ਖਿਚਵਾਉਣ ਲਈ ਮਜਬੂਰ ਕਰ ਰਿਹਾ ਹੈ।
ਇਸ ਤੋਂ ਇਲਾਵਾ ਇੱਥੇ ਘੁਮਿਆਰ ਦੇ ਚੱਕਰ ‘ਤੇ ਕੰਮ ਕਰਦੇ ਪਿੰਡ ਸਿਵਾਣਾ ਦੇ ਹਰਨੇਕ ਸਿੰਘ ਦੇ ਨਾਲ ਵੱਡੀ ਉਮਰ ਦੇ ਲੋਕਾਂ ਦੇ ਨਾਲ-ਨਾਲ ਕਈ ਨੌਜਵਾਨ ਲੜਕੀਆਂ ਅਤੇ ਲੜਕੇ ਵੀ ਦਰਸ਼ਕਾਂ ਨੂੰ ਮਿੱਟੀ ਦੇ ਦੀਵੇ ਬਣਾਉਣਾ ਸਿਖਾ ਰਹੇ ਹਨ, ਜਦਕਿ ਇੱਥੇ ਕਰਤਾਰ ਕੰਬਾਈਨ ਦੇ ਕਿਸਾਨਾਂ ਵੱਲੋਂ ਖੜ੍ਹੇ ਕਰਤਾਰ ਟਰੈਕਟਰ ‘ਤੇ ਵੀ ਸੈਲਫੀ ਲੈਣ ਵਾਲਿਆਂ ਦੀ ਭੀੜ ਇਕੱਠੀ ਹੋ ਰਹੀ ਹੈ।
ਇੱਥੇ ਚਾਂਦੀ ਦੀ ਮੂਰਤੀ ਦੇ ਰੂਪ ਵਿੱਚ ਖੜ੍ਹਾ ਗੋਬਿੰਦ ਸਿੰਘ ਪਿੰਡ ਕੋਟਲੀ ਦੀਵਾਨ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ, ਜੋ ਸੈਲਾਨੀਆਂ ਨੂੰ ਉਸ ਨਾਲ ਫੋਟੋਆਂ ਖਿੱਚਣ ਲਈ ਮਜਬੂਰ ਕਰਦਾ ਹੈ। ਇਸ ਦਾ ਕਹਿਣਾ ਹੈ ਕਿ ਪਿਛਲੇ 6 ਸਾਲਾਂ ਤੋਂ ਉਹ ਵਿਆਹਾਂ, ਜਨਮ ਦਿਨ, ਕਿੱਟੀ ਪਾਰਟੀਆਂ ਅਤੇ ਕਿਸੇ ਹੋਰ ਖੁਸ਼ੀ ਦੇ ਮੌਕੇ ‘ਤੇ ਬੁੱਤ ਬਣ ਕੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਰਿਹਾ ਹੈ।
ਗੋਬਿੰਦ ਸਿੰਘ ਨੇ ਕਿਹਾ ਕਿ ਉਹ ਬੇਰੋਜ਼ਗਾਰ ਨਹੀਂ ਹੈ ਸਗੋਂ ਆਪਣਾ ਕਾਰੋਬਾਰ ਆਪਣੇ ਮਾਲਕ ਵਜੋਂ ਚਲਾ ਰਿਹਾ ਹੈ ਅਤੇ ਨੌਜਵਾਨਾਂ ਨੂੰ ਸਖ਼ਤ ਮਿਹਨਤ ਕਰਨ ਅਤੇ ਮਾੜੀਆਂ ਆਦਤਾਂ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਾ ਹੈ।
ਇਸੇ ਤਰ੍ਹਾਂ ਪਿੰਡ ਰਣਬੀਰਪੁਰਾ ਦੇ 12ਵੀਂ ਪਾਸ ਨੌਜਵਾਨ ਅਕਾਸ਼ਦੀਪ ਸਿੰਘ ਨੇ ਜਿੱਥੇ ਸੋਨੇ ਦੀ ਮੂਰਤੀ ਬਣਾਈ ਹੋਈ ਹੈ, ਉੱਥੇ ਹੀ ਮੂਰਤੀ ਕਲਾ ਦਾ ਪ੍ਰਗਟਾਵਾ ਕਰਦਿਆਂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਵੀ ਬਣ ਰਿਹਾ ਹੈ। ਉਸ ਨੇ ਦੱਸਿਆ ਕਿ ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਉਹ ਸਟੈਚੂ ਆਰਟ ਕਰਦੇ ਹੋਏ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਿਹਾ ਹੈ। ਉਸ ਨੇ ਕਿਹਾ ਕਿ ਉਸ ਦਾ ਕਹਿਣਾ ਹੈ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਕੀਤੀ ਮਿਹਨਤ ਉਸ ਲਈ ਸੋਨਾ ਬਣ ਰਹੀ ਹੈ।
