ਪਟਿਆਲਾ: ਅਰਪਿਤ ਸ਼ਹਿਰ ਦੇ ਨਵਾਂ ਖੰਡਾ ਚੌਂਕ ਵਿੱਚ ਵਿਧਾਇਕ ਕੋਹਲੀ ਵੱਲੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਤਮਸਤਕ ਹੋਏ
ਖ਼ਤਰਨਾਕ ਜੰਕਸ਼ਨ ‘ਤੇ 10 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਖੰਡਾ ਚੌਕ ਬਣਾਇਆ ਜਾਵੇਗਾ-ਅਜੀਤਪਾਲ ਸਿੰਘ ਕੋਹਲੀ
ਖੰਡਾ ਚੌਕ ਨੂੰ ਮਜ਼ਬੂਤ ਕਰਨ ਲਈ ਉੱਚ ਗੁਣਵੱਤਾ ਵਾਲੇ ਸਟੀਲ ਦੀ ਵਰਤੋਂ – ਕੁੰਦਨ ਗੋਗੀਆ
ਪਟਿਆਲਾ, 14 ਅਕਤੂਬਰ
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਨੇੜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਨਵੇਂ ‘ਖੰਡਾ ਚੌਕ’ ਦਾ ਉਦਘਾਟਨ ਕੀਤਾ। ਇਹ ਪ੍ਰੋਜੈਕਟ ਸਿੱਖ ਕੌਮ ਦੀ ਚਿਰੋਕਣੀ ਮੰਗ ਦੇ ਜਵਾਬ ਵਿੱਚ ਪੂਰਾ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਕੁੰਦਨ ਗੋਗੀਆ ਵੀ ਮੌਜੂਦ ਸਨ।
ਵਿਧਾਇਕ ਕੋਹਲੀ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਦੇ ਹਿੱਸੇ ਵਜੋਂ ਇਸ ਚੌਕ ਦੀ ਸਥਾਪਨਾ ਕਰਕੇ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਇਸ ਚੌਕ ਨੂੰ ਬਣਾਉਣ ਦੀ ਅਹਿਮ ਲੋੜ ਸੀ ਕਿਉਂਕਿ ਇਸ ਥਾਂ ’ਤੇ ਅਕਸਰ ਹਾਦਸੇ ਵਾਪਰਦੇ ਰਹਿੰਦੇ ਸਨ ਅਤੇ ਲੋਕਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਇੱਥੇ ਖੰਡਾ ਸਥਾਪਿਤ ਕਰਨ ਦੀ ਮੰਗ ਕੀਤੀ ਜਾ ਰਹੀ ਸੀ।
ਉਦਘਾਟਨ ਸਮੇਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਗੁਰੂ ਸਾਹਿਬ ਦੇ ਨਾਮ ‘ਤੇ ਕੰਮ ਕਰਨਾ ਵੱਡੇ ਭਾਗਾਂ ਦੀ ਗੱਲ ਹੈ ਅਤੇ ਅਸੀਂ ਸਿਰਫ ਇਕ ਸਾਧਨ ਹਾਂ, ਅਸਲ ਕੰਮ ਤਾਂ ਗੁਰੂ ਸਾਹਿਬ ਨੇ ਹੀ ਕੀਤਾ ਹੈ | ਉਨ੍ਹਾਂ ਕਿਹਾ ਕਿ ਇਸ ਚੌਕ ਦਾ ਨਕਸ਼ਾ ਬਣਾਉਣ ਤੋਂ ਲੈ ਕੇ ਉਸਾਰੀ ਤੱਕ ਦੇ ਸਾਰੇ ਕੰਮ ਨਗਰ ਨਿਗਮ ਵੱਲੋਂ ਬੜੀ ਤੇਜ਼ੀ ਅਤੇ ਸੁਚਾਰੂ ਢੰਗ ਨਾਲ ਕਰਵਾਏ ਗਏ ਹਨ।
ਉਨ੍ਹਾਂ ਮੇਅਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਿਨਾਂ ਕਿਸੇ ਅੜਚਣ ਤੋਂ ਉਨ੍ਹਾਂ ਨੇ ਛੋਟੀਆਂ-ਮੋਟੀਆਂ ਗੱਲਾਂ ਨੂੰ ਪਾਸੇ ਰੱਖ ਕੇ ਇਸ ਪ੍ਰਾਜੈਕਟ ਨੂੰ ਤੁਰੰਤ ਮਨਜ਼ੂਰੀ ਦੇ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਚੰਗੀ ਨੀਅਤ ਨਾਲ ਕੰਮ ਕੀਤਾ ਜਾਂਦਾ ਹੈ ਤਾਂ ਗੁਰੂ ਆਪ ਰਸਤਾ ਬਣਾਉਂਦਾ ਹੈ।
ਇਸ ਦੌਰਾਨ ਮੇਅਰ ਨੇ ਦੱਸਿਆ ਕਿ ਚੌਕ ਦੀ ਉਸਾਰੀ ’ਤੇ ਕਰੀਬ 10 ਲੱਖ ਰੁਪਏ ਦੀ ਲਾਗਤ ਆਈ ਹੈ ਅਤੇ ਇਸ ਨੂੰ ਮਜ਼ਬੂਤ ਬਣਾਉਣ ਲਈ ਉੱਚ ਮਿਆਰੀ ਸਟੀਲ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਗੋਲ ਚੱਕਰ ‘ਬਲਾਈਂਡ ਮੋਰ’ ਵਜੋਂ ਜਾਣੇ ਜਾਂਦੇ ਜੰਕਸ਼ਨ ’ਤੇ ਬਣਾਇਆ ਗਿਆ ਹੈ, ਜਿਸ ਕਾਰਨ ਆਵਾਜਾਈ ਦੀ ਸੁਰੱਖਿਆ ਦੀ ਸਖ਼ਤ ਲੋੜ ਸੀ। ਉਨ੍ਹਾਂ ਐਲਾਨ ਕੀਤਾ ਕਿ ਪਟਿਆਲਾ ਸ਼ਹਿਰ ਵਿੱਚ ਧਾਰਮਿਕ ਸਥਾਨਾਂ ਨਾਲ ਸਬੰਧਤ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਪ੍ਰਾਜੈਕਟ ਲਾਗੂ ਕੀਤੇ ਜਾਣਗੇ ਜਿਸ ਨਾਲ ਸ਼ਹਿਰ ਦੀ ਸੁੰਦਰਤਾ ਅਤੇ ਵਿਵਸਥਾ ਵਿੱਚ ਹੋਰ ਵਾਧਾ ਹੋਵੇਗਾ।
ਇਸ ਮੌਕੇ ਯੰਗ ਖਾਲਸਾ ਫਾਊਂਡੇਸ਼ਨ ਦੇ ਮੁੱਖ ਸੇਵਾਦਾਰ ਭਵਨ ਪੁਨੀਤ ਸਿੰਘ, ਗੁਰੂ ਤੇਗ ਬਹਾਦਰ ਸੇਵਕ ਜਥਾ ਤਰਲੋਕ ਸਿੰਘ ਟੌਹੜਾ, ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਰਣਜੀਤ ਸਿੰਘ ਚੰਢੋਕ, ਖਾਲਸਾ ਸ਼ਤਾਬਦੀ ਕਮੇਟੀ ਹਰਵਿੰਦਰ ਪਾਲ ਵਿੰਟੀ, ਖਾਲਸਾ ਅਕਾਲ ਪੁਰਖ ਫੌਜ ਬਲਦੀਪ ਸਿੰਘ, ਗੁਰੂ ਰਾਮ ਦਾਸ ਸੇਵਾ ਸੁਸਾਇਟੀ ਗੁਰਿੰਦਰ ਸਿੰਘ ਬਿੱਟੂ, ਗੁਰੂ ਅਰਜਨ ਦੇਵ ਜਥਾ ਕੀਰਤਨ ਸਰਵਣ ਕਰ ਰਹੇ ਸਨ। ਗੁਰਦੁਆਰਾ ਕਮੇਟੀ, ਗੁਰਵਿੰਦਰ ਸਿੰਘ ਭਾਟੀਆ, ਸੁਰਿੰਦਰਪਾਲ ਸਿੰਘ ਚੱਠਾ, ਸੁਖਵਿੰਦਰ ਸਿੰਘ ਸੇਠੀ, ਜਸਲੀਨ ਸਿੰਘ ਸਮਾਰਟੀ ਅਤੇ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।
