ਤੀਰਅੰਦਾਜ਼ ਅਵਨੀਤ ਕੌਰ ਨੇ ਵਿਸ਼ਵ ਕੱਪ ‘ਚ ਜਿੱਤਿਆ ਕਾਂਸੀ ਦਾ ਤਗਮਾ-

ਤੀਰਅੰਦਾਜ਼ ਅਵਨੀਤ ਕੌਰ ਨੇ ਵਿਸ਼ਵ ਕੱਪ ‘ਚ ਜਿੱਤਿਆ ਕਾਂਸੀ ਦਾ ਤਗਮਾ-


ਖੇਡ ਮੰਤਰੀ ਮੀਤ ਹੇਅਰ ਨੇ ਤੀਰਅੰਦਾਜ਼ ਅਵਨੀਤ ਕੌਰ ਨੂੰ ਵਧਾਈ ਦਿੱਤੀ

ਚੰਡੀਗੜ੍ਹ, 21 ਮਈ:

ਚੀਨ ਦੇ ਸ਼ੰਘਾਈ ਵਿੱਚ ਚੱਲ ਰਹੇ ਤੀਰਅੰਦਾਜ਼ੀ ਵਿਸ਼ਵ ਕੱਪ ਵਿੱਚ ਪੰਜਾਬ ਦੀ ਤੀਰਅੰਦਾਜ਼ ਅਵਨੀਤ ਕੌਰ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਅਵਨੀਤ ਨੇ ਵਿਸ਼ਵ ਕੱਪ ਦੇ ਮਹਿਲਾ ਵਿਅਕਤੀਗਤ ਕੰਪਾਊਂਡ ਈਵੈਂਟ ਵਿੱਚ ਕਲਾਸੀਫਿਕੇਸ਼ਨ ਮੈਚ ਵਿੱਚ ਤੁਰਕੀ ਦੀ ਤੀਰਅੰਦਾਜ਼ ਇਪੇਕ ਤੋਮੁਰਕ ਨੂੰ 147-144 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ।

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਰਤੀ ਤੀਰਅੰਦਾਜ਼ੀ ਟੀਮ ਵਿੱਚ ਪੰਜਾਬ ਦੀ ਨੁਮਾਇੰਦਗੀ ਕਰ ਰਹੀ ਅਵਨੀਤ ਕੌਰ, ਉਸਦੇ ਮਾਤਾ-ਪਿਤਾ ਅਤੇ ਕੋਚ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਪਤੀ ਨਾਲ ਉਸ ਨੇ ਪੂਰੇ ਸੂਬੇ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਖੇਡ ਮੰਤਰੀ ਨੇ ਇਸ ਹੋਣਹਾਰ ਖਿਡਾਰੀ ਨੂੰ ਭਵਿੱਖ ਲਈ ਵੀ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

ਮੀਤ ਹੇਅਰ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਖੇਡਾਂ ਦੇ ਖੇਤਰ ਵਿੱਚ ਪੰਜਾਬ ਦੀ ਸ਼ਾਨ ਮੁੜ ਬਹਾਲ ਕਰਨ ਲਈ ਵਿਸ਼ੇਸ਼ ਧਿਆਨ ਦੇ ਰਹੇ ਹਨ। ਪੰਜਾਬ ਦੇ ਖੇਡਾਂ ਦੇ ਬਜਟ ਵਿੱਚ 55 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਅਜਿਹੇ ਖਿਡਾਰੀ ਦੀ ਪ੍ਰਾਪਤੀ ਸੂਬੇ ਦੇ ਨਵੇਂ ਯੁੱਗ ਦੇ ਖਿਡਾਰੀਆਂ ਲਈ ਚਾਨਣ ਮੁਨਾਰਾ ਹੈ।

ਬਠਿੰਡਾ ਜ਼ਿਲ੍ਹੇ ਦੇ ਪਿੰਡ ਸਰਦਾਰਗੜ੍ਹ ਦੀ ਰਹਿਣ ਵਾਲੀ ਅਵਨੀਤ ਕੌਰ ਖਾਲਸਾ ਕਾਲਜ ਪਟਿਆਲਾ ਦੀ ਵਿਦਿਆਰਥਣ ਹੈ।

Leave a Reply

Your email address will not be published. Required fields are marked *